ਅਕਾਲੀ ਦਲ ਦੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਬਣਾਈ ਗਈ ਕਮੇਟੀ ਨੇ ਅੱਜ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਗਠਿਤ ਇਸ ਕਮੇਟੀ ਦੇ ਮੈਂਬਰਾਂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸੰਜੀਤ ਸਿੰਘ ਸਨੀ ਗਿੱਲ, ਰਾਜਵਿੰਦਰ ਸਿੰਘ ਧਰਮਕੋਟ, ਬਲਜੀਤ ਸਿੰਘ ਕੰਗ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਗੁਰਮੇਲ ਸਿੰਘ ਸਿੱਧੂ ਅਤੇ ਜੋਗਿੰਦਰ ਸਿੰਘ ਸੰਧੂ ਸ਼ਾਮਲ ਹਨ। ਕਮੇਟੀ ਮੈਂਬਰਾਂ ਨੇ ਹਲਕੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਸੰਘੇੜਾ, ਮੇਲਕ ਕੰਗਾਂ, ਰਾਊਵਾਲਾ, ਭੈਣੀ, ਮੰਦਰ ਕਲਾਂ ਤੇ ਸ਼ੇਰੇਵਾਲਾ ਆਦਿ ਦਾ ਦੌਰਾ ਕੀਤਾ। ਅਕਾਲੀ ਆਗੂਆਂ ਨੇ ਪੀੜਤਾਂ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਲੋੜੀਂਦੀਆਂ ਵਸਤੂਆਂ ਦੀ ਸੂਚੀ ਤਿਆਰ ਕੀਤੀ। ਜਥੇਦਾਰ ਤੀਰਥ ਸਿੰਘ ਮਾਹਲਾ ਨੇ ਦੱਸਿਆ ਕਿ ਤਿਆਰ ਕੀਤੀ ਗਈ ਸੂਚੀ ਮੁਤਾਬਕ ਜਲਦ ਹੀ ਲੋੜੀਂਦਾ ਸਾਮਾਨ ਪੀੜਤਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਸਤਲੁਜ ਵਿੱਚ ਹੜ੍ਹਾਂ ਦਾ ਪ੍ਰਪੋਕ ਹੁੰਦਾ ਰਿਹਾ ਹੈ ਅਤੇ ਸਰਕਾਰ ਵੱਲੋਂ ਸਮੇਂ-ਸਿਰ ਗੁਰਦਾਵਰੀਆਂ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਵਾ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਮੌਜੂਦਾ ਸਰਕਾਰਾਂ ਦੇ ਰਾਜ ਕਾਲ ਦੌਰਾਨ ਆਏ ਹੜ੍ਹਾਂ ਦੌਰਾਨ ਹੁੰਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੂਬੇ ਲਈ 1600 ਕਰੋੜ ਰੁਪਏ ਦੀ ਐਲਾਨੀ ਹੜ੍ਹ ਰਾਸ਼ੀ ਨੂੰ ਨਾਕਾਫ਼ੀ ਦੱਸਦੇ ਹੋਏ ਪ੍ਰਧਾਨ ਮੰਤਰੀ ਤੋਂ ਹੋਰ ਰਾਸ਼ੀ ਦੀ ਮੰਗ ਕੀਤੀ।