ਅਕਾਲੀ ਦਲ (ਅ) ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ ਦਮਦਮਾ ਸਾਹਿਬ ਵਿੱਚ ਸੈਮੀਨਾਰ ਕਰਵਾਇਆ। ਜਿਸ ਵਿੱਚ ਪਾਰਟੀ ਆਗੂਆਂ, ਪੰਥਕ ਸ਼ਖ਼ਸੀਅਤਾਂ, ਸਿੱਖ ਵਿਦਵਾਨਾਂ ਅਜਮੇਰ ਸਿੰਘ ਤੇ ਡਾ. ਸੇਵਕ ਸਿੰਘ ਨੇ ਸ਼ਮੂਲੀਅਤ ਕਰਦਿਆਂ ਭਾਈ ਖਾਲੜਾ ਦੇ ਜੀਵਨ ਅਤੇ ਕਾਰਜਾਂ ਤੋਂ ਜਾਣੂ ਕਰਵਾਇਆ।
ਅਜਮੇਰ ਸਿੰਘ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਖਾੜਕੂ ਸੰਘਰਸ਼ ਦੌਰਾਨ ਲਾਵਾਰਿਸ ਦੱਸ ਕੇ ਸਾੜੀਆਂ ਗਈਆਂ ਕਰੀਬ 25 ਹਜ਼ਾਰ ਲਾਸ਼ਾਂ ਦਾ ਥਹੁ ਪਤਾ ਲਗਾ ਕੇ ਪੰਜਾਬ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਸੱਚ ਕੌਮਾਂਤਰੀ ਪੱਧਰ ’ਤੇ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਖਾਲੜਾ ਨੇ ਕੈਨੇਡਾ ਦੀ ਸੰਸਦ ਵਿੱਚ ਸਾਰੇ ਘਟਨਾਕ੍ਰਮ ਤੋਂ ਪਰਦਾ ਚੁੱਕਿਆ ਸੀ ਤਾਂ ਉਦੋਂ ਹੀ ਉਨ੍ਹਾਂ ਨੂੰ ਅਹਿਸਾਸ ਹੋਣ ਲੱਗ ਗਿਆ ਸੀ ਕਿ ਹਿੰਦੁਸਤਾਨ ਵਾਪਸ ਪਰਤਦਿਆਂ ਪੁਲੀਸ ਉਨ੍ਹਾਂ ਨੂੰ ਖ਼ਤਮ ਕਰ ਸਕਦੀ ਹੈ।
ਡਾ. ਸੇਵਕ ਸਿੰਘ ਨੇ ਕਿਹਾ ਕਿ ਸੀਮਤ ਸਾਧਨਾਂ ਨਾਲ ਉਨ੍ਹਾਂ ਨੇ ਸਰਕਾਰੀ ਤੰਤਰ ਖ਼ਿਲਾਫ਼ ਖੋਜ ਮੁਹਿੰਮ ਚਲਾਈ ਤੇ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਸੱਚ ਸਾਹਮਣੇ ਲਿਆ ਕੇ ਦੁਨੀਆਂ ਭਰ ਨੂੰ ਪੰਜਾਬ ਵਿੱਚ ਹੋ ਰਹੀ ਸਿੱਖ ਨਸਲਕੁਸ਼ੀ ਤੋਂ ਜਾਣੂ ਕਰਵਾਇਆ। ਅੰਤ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਪਾਰਟੀ ਦੇ ਮਨੁੱਖੀ ਹੱਕਾਂ ਵਿੰਗ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਤੇ ਹਜ਼ਾਰਾਂ ਗੁੰਮਸ਼ੁਦਾ ਨੌਜਵਾਨਾਂ ਦੇ ਪਰਿਵਾਰਾਂ ਦੀ ਆਵਾਜ਼ ਬਣਿਆ। ਸਤੰਬਰ 1995 ਵਿੱਚ ਪੁਲੀਸ ਵੱਲੋਂ ਉਨ੍ਹਾਂ ਨੂੰ ਅਗਵਾ ਕਰਕੇ ਸ਼ਹੀਦ ਕਰ ਦੇਣਾ ਸੱਚ ਨੂੰ ਦਬਾਉਣ ਦੀ ਕੋਸ਼ਿਸ ਸੀ ਪਰ ਖਾਲੜਾ ਦੀ ਹਿੰਮਤ ਅਤੇ ਕੁਰਬਾਨੀ ਅੱਜ ਵੀ ਪੰਥ ਨੂੰ ਪ੍ਰੇਰਿਤ ਕਰ ਰਹੀ ਹੈ। ਈਮਾਨ ਸਿੰਘ ਮਾਨ ਨੇ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਭਾਈ ਜਸਵੰਤ ਸਿੰਘ ਖਾਲੜਾ ਤੋਂ ਸੇਧ ਲੈ ਕੇ ਮਨੁੱਖੀ ਹੱਕਾਂ ਖ਼ਾਤਰ ਹਮੇਸ਼ਾ ਜੂਝਦਾ ਰਹੇਗਾ। ਇਸ ਮੌਕੇ ਪ੍ਰੋ. ਮਹਿੰਦਰਪਾਲ ਸਿੰਘ ਜਨਰਲ ਸਕੱਤਰ, ਪਰਵਿੰਦਰ ਸਿੰਘ ਬਾਲਿਆਂਵਾਲੀ ਤੇ ਬਹਾਦਰ ਸਿੰਘ ਭਸੌੜ (ਦੋਵੇਂ ਮੈਂਬਰ ਪੀਏਸੀ) ਅਤੇ ਜ਼ਿਲ੍ਹਾ ਬਠਿੰਡਾ ਕਾਰਜਕਾਰੀ ਪ੍ਰਧਾਨ ਯਾਦਵਿੰਦਰ ਸਿੰਘ ਭਾਗੀਵਾਂਦਰ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।