ਮਾਲਵਾ ਖੇਤਰ ’ਚ ਡੀ ਏ ਪੀ ਖਾਦ ਦੀ ਕਿੱਲਤ ਅਤੇ ਕਿਸਾਨਾਂ ਨੂੰ ਖਾਦ ਨਾਲ ਬੇਲੋੜੀਆਂ ਵਸਤੂਆਂ ਦੇਣ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਵੱਲੋਂ ਦਿੱਤੇ ਧਰਨੇ ਤੋਂ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਦਿੱਤੀ ਗਈ ਘੁਰਕੀ ਤੋਂ ਮਗਰੋਂ ਖੇਤੀਬਾੜੀ ਮਹਿਕਮਾ ਹਰਕਤ ਵਿੱਚ ਆਇਆ ਹੈ। ਖੇਤੀ ਅਧਿਕਾਰੀਆਂ ਵੱਲੋਂ ਇੱਥੇ ਰਮਦਿੱਤੇ ਵਾਲਾ ਚੌਕ ਮਾਨਸਾ, ਪਿੰਡ ਬਹਿਣੀਵਾਲ, ਮਾਖਾ, ਝੁਨੀਰ ਤੇ ਭੰਮੇ ਕਲਾਂ ਵਿੱਚ ਖਾਦ ਵਿਕਰੇਤਾਵਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਖਾਦ ਵਿਕਰੇਤਾਵਾਂ ਨੂੰ ਖਾਦਾਂ ਨਾਲ ਕਿਸੇ ਵੀ ਕਿਸਮ ਦੀ ਬੇਲੋੜੀ ਚੀਜ਼ ਦੀ ਟੈਗਿੰਗ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਫਾਲਤੂ ਵਿੱਤੀ ਬੋਝ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਮ ਦੀ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਾੜ੍ਹੀ ਦੌਰਾਨ 1,71,000 ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਲਈ 23,741 ਮੀਟਰਕ ਟਨ ਫਾਸਫੋਰਸ ਖਾਦ ਦੀ ਲੋੜ ਹੈ, ਜਿਸ ਵਿੱਚੋਂ 13,290 ਮੀਟਰਕ ਟਨ ਖਾਦ ਮਾਨਸਾ ਵਿੱਚ ਆ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਫਾਸਫੋਰਸ ਦੇ ਬਦਲਵੇਂ ਪ੍ਰਬੰਧਨ ਵਜੋਂ ਟੀਐਸਪੀ ਖਾਦ, ਜਿਸ ਵਿੱਚ 46 ਫੀਸਦੀ ਫਾਸਫੋਰਸ ਹੁੰਦੀ ਹੈ, ਉਹ ਖਾਦ ਹੁਣ 3900 ਮੀਟਰਕ ਟਨ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਤੋਂ ਇਲਾਵਾ 6550 ਮੀ. ਟਨ ਡੀ ਏ ਪੀ ਖਾਦ ਦੇ ਬੈਂਕ ਅਗਲੇ 7 ਦਿਨਾਂ ਵਿੱਚ ਆ ਜਾਣਗੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਕੱਲੇ ਡੀ ਏ ਪੀ ’ਤੇ ਹੀ ਨਿਰਭਰ ਨਾ ਰਹਿਣ, ਕਿਉਂਕਿ ਫਾਸਫੋਰਸ ਦੀ ਮਾਤਰਾ ਨੂੰ ਜ਼ਮੀਨ ਵਿੱਚ ਪੂਰਾ ਕਰਨ ਲਈ ਇਸ ਦੇ ਬਦਲ ਦੇ ਤੌਰ ’ਤੇ ਟ੍ਰਿਪਲ ਸੁਪਰ ਫਾਸਫੇਟ, ਐੱਨ ਪੀ ਕੇ 12:32:16 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਅਗੇਤੀ/ਦਰਮਿਆਨੀਆਂ ਕਿਸਮਾਂ ਦੀ ਬਿਜਾਈ 25 ਨਵੰਬਰ ਤੱਕ ਕੀਤੀ ਜਾ ਸਕਦੀ ਹੈ ਅਤੇ ਪਛੇਤੀ ਕਿਸਮਾਂ ਦੀ ਬਿਜਾਈ 15 ਦਸੰਬਰ ਤੱਕ ਕੀਤੀ ਜਾ ਸਕਦੀ ਹੈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਸ਼ਗਨਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਹਰਮਨਦੀਪ ਸਿੰਘ ਮੌਜੂਦ ਸਨ।

