ਖੇਤੀਬਾੜੀ ਵਿਭਾਗ ਵੱਲੋਂ ਖਾਦ ਦਾ ਗੁਦਾਮ ਸੀਲ
ਗੈਰ ਮਿਆਰੀ ਖ਼ਾਦਾਂ ਅਤੇ ਜਮ੍ਹਾਂਖ਼ੋਰੀ ਵਿਰੁੱਧ ਖੇਤੀਬਾੜੀ ਵਿਭਾਗ ਵਲੋਂ ਸਖ਼ਤੀ ਕਰਦੇ ਹੋਏ ਅੱਜ ਮਹਿਲ ਕਲਾਂ ਬਲਾਕ ਦੇ ਪਿੰਡ ਮੂੰਮ ਵਿਚ ਇੱਕ ਖ਼ਾਦ ਦੁਕਾਨ ਉਪਰ ਛਾਪਾ ਮਾਰਿਆ ਗਿਆ ਜਿਸ ਦੌਰਾਨ ਅਧਿਕਾਰੀਆਂ ਨੇ ਇੱਕ ਅਣ-ਅਧਿਕਾਰਤ ਗੁਦਾਮ ਦਾ ਪਰਦਾਫ਼ਾਸ਼ ਕੀਤਾ ਹੈ, ਜਦਕਿ ਕੁਝ ਦਵਾਈਆਂ ਦੇ ਸੈਂਪਲ ਵੀ ਭਰੇ ਗਏ ਹਨ। ਇਹ ਛਾਪੇਮਾਰੀ ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਕੀਤੀ ਗਈ। ਉਨ੍ਹਾਂ ਨਾਲ ਜ਼ਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫਸਰ ਜਗਸੀਰ ਸਿੰਘ ਬਰਨਾਲਾ, ਡਾ. ਜਤਿੰਦਰ ਸਿੰਘ ਏਡੀਓ ਮੁਹਾਲੀ ਅਤੇ ਡਾ. ਸਤਨਾਮ ਸਿੰਘ ਏਡੀਓ (ਇਨਫੋਰਸਮੈਂਟ) ਬਰਨਾਲਾ ਵੀ ਮੌਜੂਦ ਸਨ।
ਇਸ ਮੌਕੇ ਜੁਆਇੰਟ ਡਾਇਰੈਕਟਰ ਡਾ. ਬੈਨੀਪਾਲ ਨੇ ਕਿਹਾ ਕਿ ਖ਼ਾਦ ਡੀਲਰਾਂ ਦੀ ਉਚੇਚੇ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਖਾਦ ਦੀ ਜਮ੍ਹਾਂਖ਼ੋਰੀ ਰੋਕੀ ਜਾ ਸਕੇ ਜਿਸ ਤਹਿਤ ਅੱਜ ਇੱਕ ਸ਼ਿਕਾਇਤ ਦੇ ਆਧਾਰ ’ਤੇ ਮੂੰਮ ਵਿਖੇ ਇੱਕ ਖ਼ਾਦ ਦੁਕਾਨ ’ਤੇ ਛਾਪੇਮਾਰੀ ਕੀਤੀ ਹੈ, ਜਿੱਥੇ ਅਣ-ਅਧਿਕਾਰਤ ਗੁਦਾਮ ਫੜਿਆ ਗਿਆ ਹੈ, ਜਿਸ ਵਿੱਚ ਖਾਦ 450 ਗੱਟੇ ਡੀਏਪੀ ਰੱਖੇ ਹੋਏ ਸਨ। ਇਸ ਤੋਂ ਇਲਾਵਾ ਇੱਕ ਹੋਰ ਜਗ੍ਹਾ 2000 ਗੱਟੇ ਟੀਐਸਪੀ (ਟ੍ਰਿਪਿਲ ਸੁਪਰ ਫਾਸਟਰੇਟ) ਅਤੇ ਐਨਪੀਕੇ ਖ਼ਾਦ ਦੇ 700 ਗੱਟੇ ਦੀ ਜਮ੍ਹਾਖ਼ੋਰੀ ਰੱਖੀ ਹੋਈ ਮਿਲੀ ਹੈ।
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗਸੀਰ ਸਿੰਘ ਬਰਨਾਲਾ ਨੇ ਦੱਸਿਆ ਕਿ ਇਸ ਤਰ੍ਹਾਂ ਅਣ-ਅਧਿਕਾਰਤ ਜਮ੍ਹਾਖ਼ੋਰੀ ਵਿਭਾਗ ਬਰਦਾਸ਼ਤ ਨਹੀਂ ਕਰੇਗਾ, ਜਿਸ ਕਰਕੇ ਉਕਤ ਗੋਦਾਮ ਨੂੰ ਸੀਲ ਕਰਕੇ ਖ਼ਾਦ ਕਬਜ਼ੇ ਵਿੱਚ ਲੈ ਲਈ ਹੈ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਕੁੱਝ ਸ਼ੱਕੀ ਖ਼ਾਦਾਂ ਦੇ ਸੈਂਪਲ ਵੀ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਥੇ ਖੇਤੀਬਾੜੀ ਵਿਭਾਗ ਦੀ ਕਾਰਵਾਈ ਦਰਮਿਆਨ ਸੁਰੱਖਿਆ ਪ੍ਰਬੰਧਾਂ ਲਈ ਮਹਿਲ ਕਲਾਂ ਥਾਣੇ ਦੀ ਪੁਲੀਸ ਵੀ ਪਹੁੰਚੀ। ਥਾਣਾ ਮੁਖੀ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।