ਅਗਨੀਵੀਰ ਜਸ਼ਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਪਿੰਡ ਬਾਦਲ ਦੇ ਭਾਰਤੀ ਫੌਜ ਦੇ ਅਗਨੀਵੀਰ ਜਸ਼ਨਦੀਪ ਸਿੰਘ (23) ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ। ਉਹ ਪਿਛਲੇ ਡੇਢ ਸਾਲ ਤੋਂ 18 ਪੰਜਾਬ ਬਟਾਲੀਅਨ ਅੰਮ੍ਰਿਤਸਰ ਵਿੱਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਬੁਖਾਰ ਹੋਇਆ, ਜਿਸ ਤੋਂ ਬਾਅਦ ਸਰੀਰ ਵਿੱਚ ਇਨਫੈਕਸ਼ਨ ਫੈਲ ਗਿਆ। ਪਹਿਲਾਂ ਉਨ੍ਹਾਂ ਨੂੰ ਬਠਿੰਡਾ ਮਿਲਟਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ’ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਮਿਲਟਰੀ ਹਸਪਤਾਲ ਭੇਜਿਆ ਗਿਆ ਪਰ ਇਲਾਜ ਦੌਰਾਨ ਪਰਸੋਂ ਰਾਤ ਉਨ੍ਹਾਂ ਨੇ ਦਮ ਤੋੜ ਦਿੱਤਾ।
ਅੱਜ ਜਸ਼ਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਬਟਾਲੀਅਨ ਅਧਿਕਾਰੀ ਮਿਹਿਰ ਵਿਸ਼ਵਾਸ ਦੇਸਾਈ ਤੇ ਸਤਨਾਮ ਸਿੰਘ ਦੀ ਅਗਵਾਈ ਹੇਠ ਪਿੰਡ ਬਾਦਲ ਲਿਆਂਦਾ ਗਿਆ। ਅੰਤਿਮ ਸਸਕਾਰ ਸਮੇਂ ਬਟਾਲੀਅਨ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਮਲੋਟ ਦੇ ਐੱਸਡੀਐੱਮ ਜਸਪਾਲ ਸਿੰਘ, ਸੀਨੀਅਰ ਕਾਂਗਰਸ ਆਗੂ ਫ਼ਤਹਿ ਸਿੰਘ ਬਾਦਲ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਡੀਐੱਸਪੀ ਜਸਪਾਲ ਸਿੰਘ, ਬੀਡੀਪੀਓ ਰਾਕੇਸ਼ ਬਿਸ਼ਨੋਈ, ਥਾਣਾ ਮੁਖੀ ਗੁਰਵਿੰਦਰ ਸਿੰਘ ਸਮੇਤ ਕਈ ਅਧਿਕਾਰੀ ਤੇ ਆਗੂ ਮੌਜੂਦ ਸਨ। ਪਿੰਡ ਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਜਸ਼ਨਦੀਪ ਸਿੰਘ ਇਕ ਮਿਹਨਤੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦੇ ਪਿਤਾ ਪਰਮਜੀਤ ਸਿੰਘ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਦੋਵੇਂ ਭਰਾ ਵੀ ਮਜ਼ਦੂਰੀ ਕਰਕੇ ਹੀ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਜਸ਼ਨਦੀਪ ਦੀ ਅਗਨੀਵੀਰ ਵਜੋਂ ਨੌਕਰੀ ਨਾਲ ਪਰਿਵਾਰ ਦੀ ਆਰਥਿਕਤਾ ਕੁਝ ਬਿਹਤਰ ਹੋਈ ਸੀ, ਪਰ ਅਚਾਨਕ ਹੋਈ ਮੌਤ ਨੇ ਪੂਰੇ ਪਿੰਡ ਨੂੰ ਸੋਗ ਦਾ ਮਾਹੌਲ ਹੈ।