ਆੜ੍ਹਤੀਆਂ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੇ ਹੱਕ ’ਚ ਨਿੱਤਰਨ ਦਾ ਐਲਾਨ
ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਕਿਸਾਨੀ ਦਾ ਵੱਡਾ ਹਿੱਸਾ ਆਉਣ ਤੋਂ ਬਾਅਦ ਹੁਣ ਆੜ੍ਹਤੀਆ ਐਸੋਸੀਏਸ਼ਨ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕੀਤਾ ਹੈ। ਅੱਜ ਇਥੇ ਹੋਏ ਆੜ੍ਹਤੀਆਂ ਦੇ ਵੱਡੇ ਇਕੱਠ ਵਿੱਚ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਵੱਲੋਂ ਆੜ੍ਹਤੀਆਂ ਨੂੰ ਹੜ੍ਹ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਆਦੇਸ਼ਾਂ ਨੂੰ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਵੱਲੋਂ ਤੁਰੰਤ ਲਾਗੂ ਕਰਨ ਦੀ ਹਾਮੀ ਭਰੀ ਗਈ ਹੈ।
ਸ੍ਰੀ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੜ੍ਹਾਂ ਦੀਆਂ ਮਿਲੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਹੜ੍ਹਾਂ ਨਾਲ ਲਗਪਗ 5 ਲੱਖ ਏਕੜ ਰਕਬਾ ਪ੍ਰਭਾਵਤ ਹੋਇਆ ਹੈ ਜਦਕਿ ਕਪਾਹ ਪੱਟੀ ਵਿੱਚ ਨਰਮੇ ਦੀ ਫ਼ਸਲ ਸੌ ਫੀਸਦੀ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਬਰਬਾਦੀ ਨਾਲ ਇਕੱਲਾ ਕਿਸਾਨ ਹੀ ਨਹੀਂ ਮਾਰਿਆ ਜਾਵੇਗਾ, ਸਗੋਂ ਇਸ ਨਾਲ ਮਜ਼ਦੂਰ, ਆੜ੍ਹਤੀਆ, ਦੁਕਾਨਦਾਰ, ਟਰਾਂਸਪੋਰਟਰ ਅਤੇ ਹੋਰ ਕਾਰੋਬਾਰੀ ਵੀ ਬੁਰੀ ਤਰ੍ਹਾਂ ਰਗੜੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਆੜ੍ਹਤੀ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਉਸ ਨੂੰ ਦੇਖਦੇ ਹੋਏ ਕਿਸਾਨਾਂ ਦੀ ਪੂਰੀ ਮੱਦਦ ਕੀਤੀ ਜਾਵੇਗੀ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਟਾਫਟ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ-ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਤੁਰੰਤ ਦੇਣ ਦੇ ਨਾਲ-ਨਾਲ ਕਣਕ ਦੀ ਬਿਜਾਈ ਮੁਫ਼ਤ ਡੀਏਪੀ ਅਤੇ ਕਣਕ ਦਾ ਨਵਾਂ ਬੀਜ ਦੇਣ ਦਾ ਹੁਣੇ ਤੋਂ ਹੀ ਪ੍ਰਬੰਧ ਕੀਤਾ ਜਾਵੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਉੱਪਰ ਲਾਏ ਗਏ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।