ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਵਾ ਚਾਰ ਕਰੋੜ ਦੇ ਏਜੰਡੇ ਪਾਸ
ਮਨੋਜ ਸ਼ਰਮਾ
ਬਠਿੰਡਾ, 5 ਜੂਨ
ਬਠਿੰਡਾ ਨਗਰ ਨਿਗਮ ਦੇ ਮੇਅਰਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਵਿੱਤ ਅਤੇ ਠੇਕਾ ਕਮੇਟੀ (ਐੱਫ ਐਂਡ ਸੀਸੀ) ਦੀ ਮੀਟਿੰਗ ਹੋਈ। ਇਸ ਦੌਰਾਨ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲਗਪਗ 4.17 ਕਰੋੜ ਰੁਪਏ ਦੇ 26 ਏਜੰਡੇ ਪਾਸ ਕੀਤੇ ਗਏ। ਇਸ ਮੀਟਿੰਗ ’ਚ ਮੇਅਰ, ਕਮਿਸ਼ਨਰ ਅਜੈ ਅਰੋੜਾ, ਮੈਂਬਰ ਰਤਨ ਰਾਹੀ, ਉਮੇਸ਼ ਗੋਗੀ, ਐੱਸਈ ਸੰਦੀਪ ਗੁਪਤਾ, ਸੰਦੀਪ ਰੋਮਾਣਾ, ਐਕਸੀਅਨ ਰਾਜੇਂਦਰ ਕੁਮਾਰ ਤੇ ਨੀਰਜ ਕੁਮਾਰ ਮੌਜੂਦ ਸਨ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਪੈਚ ਵਰਕ, ਪੀਸੀ ਅਤੇ ਇੰਟਰਲਾਕਿੰਗ ਟਾਈਲਾਂ ਦਾ ਏਜੰਡਾ ਪਾਸ ਕੀਤਾ ਗਿਆ ਹੈ, ਜਦਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ 50 ਵਾਰਡਾਂ ਵਿੱਚ ਰੋਡ ਜਾਲੀਆਂ ਦੀ ਸਫ਼ਾਈ ਦਾ ਏਜੰਡਾ ਵੀ ਪਾਸ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਜੌਗਰ ਪਾਰਕ ਦੀ ਬੰਦ ਪਈ ਕੰਟੀਨ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੋਬਿੰਦ ਨਗਰ ਧਰਮਸ਼ਾਲਾ ਦਾ ਸ਼ੈਡ ਅਤੇ ਗੜ੍ਹਵਾਲ ਭਰਾਤਰੀ ਮੰਡਲ ਧਰਮਸ਼ਾਲਾ ਦੇ ਨਵੀਨੀਂਕਰਨ ਦਾ ਏਜੰਡਾ ਵੀ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਲਈ ਦੋ ਪਾਣੀ ਦੇ ਟੈਂਕਰ ਖਰੀਦਣ ਦਾ ਪ੍ਰਸਤਾਵ ਵੀ ਏਜੰਡੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਮੌਸਮ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪੂਰੀਆਂ ਕਰਨ, ਸਾਰੇ ਡਿਸਪੋਜ਼ਲਾਂ ਦੀ ਜਾਂਚ ਕਰਨ ਅਤੇ ਜ਼ਰੂਰੀ ਵਸਤੂਆਂ ਦਾ ਪਹਿਲਾਂ ਤੋਂ ਹੀ ਢੁਕਵਾਂ ਪ੍ਰਬੰਧ ਕਰਨ, ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਬਠਿੰਡਾ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।