ਦੇਰ ਸ਼ਾਮ ਪੁਲੀਸ ਨੇ ਮੁੜ ਚੁਕਵਾਈਆਂ ਰੇਹੜੀਆਂ
ਇੱਥੋਂ ਦੀ ਅਨਾਜ ਮੰਡੀ ਵਿੱਚ ਬਣੇ ਸ਼ੈੱਡ ਵਿੱਚ ਰੇਹੜੀ ਫ਼ੜ੍ਹੀ ਦਾ ਕੰਮ ਕਰਨ ਵਾਲਿਆਂ ਦੀਆਂ ਰੇਹੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਹੇਠ 16 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦਾ ਪ੍ਰਸ਼ਾਸਨ ਵੱਲੋਂ ਹੱਲ ਨਾ ਕਰਵਾਏ ਜਾ ਸਕਣ...
ਇੱਥੋਂ ਦੀ ਅਨਾਜ ਮੰਡੀ ਵਿੱਚ ਬਣੇ ਸ਼ੈੱਡ ਵਿੱਚ ਰੇਹੜੀ ਫ਼ੜ੍ਹੀ ਦਾ ਕੰਮ ਕਰਨ ਵਾਲਿਆਂ ਦੀਆਂ ਰੇਹੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਹੇਠ 16 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦਾ ਪ੍ਰਸ਼ਾਸਨ ਵੱਲੋਂ ਹੱਲ ਨਾ ਕਰਵਾਏ ਜਾ ਸਕਣ ਤੋਂ ਨਿਰਾਸ਼ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਅੱਜ ਰੇਹੜੀਆਂ ਮੁੜ ਉਸੇ ਥਾਂ ਲਗਵਾ ਦਿੱਤੀਆਂ। ਇਸ ਦੌਰਾਨ ਉਨ੍ਹਾਂ ਜਿੱਤ ਦਾ ਐਲਾਨ ਵੀ ਕਰ ਦਿੱਤਾ। ਅਨਾਜ ਮੰਡੀ ਵਿੱਚ ਦੇਰ ਸ਼ਾਮ ਮੁੜ ਮਾਹੌਲ ਤਣਾਅਪੂਰਨ ਹੋ ਗਿਆ। ਧਰਨਾਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਹਨੇਰਾ ਹੋਇਆ ਤਾਂ ਪੁਲੀਸ ਨੇ ਲਾਈਟਾਂ ਬੰਦ ਕਰਕੇ ਧਰਨਾਕਾਰੀਆਂ ’ਤੇ ਧਾਵਾ ਬੋਲ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਰੇਹੜੀਆਂ ਦੁਪਹਿਰ ਨੂੰ ਲਵਾਈਆਂ ਗਈਆਂ ਸਨ, ਹਨੇਰੇ ਵਿੱਚ ਪ੍ਰਸ਼ਾਸਨ ਨੇ ਮੁੜ ਚੁਕਵਾ ਦਿੱਤੀਆਂ। ਇਸ ਦੌਰਾਨ ਪੁਲੀਸ ਅਤੇ ਧਰਨਾਕਾਰੀਆਂ ਦੇ ਵਿਚਕਾਰ ਮਾਮੂਲੀ ਝੜਪ ਵੀ ਹੋਈ ਪਰ ਧਰਨਾਕਾਰੀਆਂ ਨੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਿਆ ਅਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਖਿਲਾਫ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਇਸ ਸੰਘਰਸ਼ ਵਿੱਚ ਲਗਾਤਾਰ ਲੜੀਵਾਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਚੱਲ ਰਹੀ ਹੈ। ਇਸੇ ਸਮੇਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕੁਝ ਜਥੇਬੰਦੀਆਂ ਨੇ ਹਮਾਇਤ ਕਰਦਿਆਂ ਕਮੇਟੀ ਬਣਾ ਕੇ 14 ਅਕਤੂਬਰ ਨੂੰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਜੇ ਪ੍ਰਸ਼ਾਸਨ ਨੇ ਮੰਗ ਨਾ ਮੰਨੀ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਤੋਂ ਪਹਿਲਾਂ ਐੱਸ ਐੱਸ ਪੀ ਗੁਰਮੀਤ ਸਿੰਘ ਨੇ ਮਸਲੇ ਦਾ ਹੱਲ ਕੱਢਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਰੇਹੜੀ ਫ਼ੜੀ ਉਜਾੜੇ ਦੇ ਪੀੜਤ ਆਗੂ ਸੁਰਿੰਦਰ ਸਿੰਘ, ਸੰਨੀ ਹਾਂਡਾ,ਸੰਯਕਤ ਕਿਸਾਨ ਮੋਰਚੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰੇਸ਼ਮ ਮਿੱਡਾ ਆਦਿ ਨੇ ਕਿਹਾ ਕਿ ਕਿ ਉਹ ਕਿਸੇ ਵੀ ਕੀਮਤ ’ਤੇ ਕਿਰਤੀ ਲੋਕਾਂ ਦੇ ਹੱਕਾਂ ’ਤੇ ਡਾਕਾ ਨਹੀਂ ਵੱਜਣ ਦੇਣਗੇ। ਉਨ੍ਹਾਂ ਸੱਤਾ ਧਿਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪੁਰਅਮਨ ਢੰਗ ਨਾਲ ਅੱਜ ਆਪਣਾ ਐਕਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਉਹ ਰੇਹੜੀ ਫੜ੍ਹੀ ਵਾਲਿਆਂ ਤੇ ਕਿਸੇ ਤਰ੍ਹਾਂ ਦਾ ਜਬਰ ਕਰਨ ਦੀ ਗਲਤੀ ਨਾ ਕਰਨ, ਨਹੀਂ ਤਾਂ ਲੜਨ ਵਾਲੀਆਂ ਜਥੇਬੰਦੀਆਂ ਤੇ ਖਾਸ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਅੱਜ ਦੇ ਇਸ ਪ੍ਰਦਰਸ਼ਨ ਦੌਰਾਨ ਕਾਂਗਰਸ ਵੱਲੋਂ ਰਾਜ ਬਖਸ਼ ਕੰਬੋਜ, ਅਕਾਲੀ ਦਲ ਵੱਲੋਂ ਰਾਜ ਸਿੰਘ ਡਿੱਬੀਪੁਰਾ ਅਤੇ ਭਾਜਪਾ ਵੱਲੋਂ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਵੀ ਸੰਬੋਧਨ ਕੀਤਾ। ਉਧਰ, ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਵਾਪਸ ਰੇਹੜੀ ਲਗਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੁਪਹਿਰੇ ਧਰਨਾਕਾਰੀਆਂ ਦੀ ਮੌਜੂਦਗੀ ਵਿੱਚ ਰੇਹੜੀ ਫੜ੍ਹੀ ਵਾਲੇ ਆਪਣੀ ਪੁਰਾਣੀ ਥਾਂ ’ਤੇ ਰੇਹੜੀਆਂ ਲਗਾ ਕੇ ਸਾਮਾਨ ਵੇਚ ਰਹੇ ਸਨ ਜਦਕਿ ਪ੍ਰਸ਼ਾਸਨਿਕ ਅਧਿਕਾਰੀ ਆਪਸ ਵਿੱਚ ਮੀਟਿੰਗਾਂ ਕਰ ਰਹੇ ਸਨ।