ਨਰਮੇ ਦੀ ਫ਼ਸਲ ਨੂੰ ਲਗਾਤਾਰ ਪਾਣੀ ਦੇਣ ਦੀ ਸਲਾਹ
ਖੇਤੀਬਾੜੀ ਵਿਭਾਗ ਪੰਜਾਬ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਰਮੇ-ਕਪਾਹ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦੇਣ। ਮਹਿਕਮੇ ਦੇ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਸਮੇਂ ਹੋਈ ਪਾਣੀ ਘਾਟ ਨਰਮੇ ਦੇ ਝਾੜ ’ਤੇ ਮਾੜਾ ਅਸਰ ਪਾਉਂਦੀ ਹੈ। ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਨਿਰੇ-ਪੁਰੇ ਮੀਂਹਾਂ ਦੀ ਗਿੱਲ ਦੇ ਆਸਰੇ ਨਾ ਰਹਿਣ, ਸਗੋਂ ਲੋੜ ਅਨੁਸਾਰ ਫ਼ਸਲ ਨੂੰ ਲਗਾਤਾਰ ਪਾਣੀ ਦਿੰਦੇ ਰਹਿਣ। ਵਿਭਾਗ ਨੇ ਕਿਸਾਨਾਂ ਨੂੰ ਦਵਾਈਆਂ ਦੀ ਅੰਨ੍ਹੇਵਾਹ ਛਿੜਕਾਅ ਤੋਂ ਵੀ ਵਰਜਿਆ ਹੈ। ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਮੁੱਖ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਜ਼ਿਲ੍ਹੇ ਵਿਚਲੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਇਸ ਸਮੇਂ ਕਿਸਾਨਾਂ ਨੂੰ, ਜਿੰਨਾਂ ਕੀੜੇ, ਪਤੰਗਿਆਂ ਤੇ ਸੁੰਡੀਆਂ ਤੋਂ ਫ਼ਸਲ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ, ਉਨ੍ਹਾਂ ਹੀ ਇਸ ਲਈ ਲਗਾਤਾਰ ਪਾਣੀ ਦਿੰਦੇ ਰਹਿਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਨਰਮੇ ਦੀ ਬੀਟੀ ਫ਼ਸਲ ਲਈ ਲੋੜੀਂਦੀ ਖਾਦ ਦੀ ਘਾਟ ਬਿਲਕੁਲ ਨਹੀਂ ਆਉਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨ 2 ਫੀਸਦੀ ਪੋਟਾਸ਼ੀਅਮ ਨਾਈਟਰੇਟ ਦਾ ਘੋਲ, 100 ਲਿਟਰ ਪਾਣੀ ਵਿਚ ਪਾ ਕੇ ਜ਼ਰੂਰ ਛਿੜਕਾਅ ਕਰਨ।
ਖੇਤੀ ਮਾਹਿਰਾਂ ਨੇ ਕਿਹਾ ਕਿ ਨਰਮੇ ਪੱਟੀ ਦੇ ਕਿਸਾਨਾਂ ਨੂੰ ਬੀਟੀ ਕਾਟਨ ’ਤੇ ਯੂਰੀਆ ਖਾਦ ਦੀ ਆਖਰੀ ਕਿਸ਼ਤ ਖਿਲਾਰਨ ਦਾ ਇਸ ਵੇਲੇ ਢੁੱਕਵਾਂ ਸਮਾਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਕਿਸਾਨ, ਹਲਕੀਆਂ ਜ਼ਮੀਨਾਂ ਵਿਚ ਨਰਮੇ ਦੀ ਫ਼ਸਲ ਨੂੰ 20 ਕਿਲੋ ਮਿਊਰੇਟ ਆਫ ਪੋਟਾਸ਼ ਖਾਦ ਅਤੇ 10 ਕਿਲੋ ਜਿੰਕ ਸਲਫ਼ੇਟ ਹੈਪੇਟਾਹਾਈਡਰੈਅ ਜਾਂ 6.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।