ਤਲਵੰਡੀ ’ਚ ਪ੍ਰਸ਼ਾਸਨ ਨੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਲਿਆ
ਰਾਜਿੰਦਰ ਵਰਮਾ
ਭਦੌੜ, 25 ਜੂਨ
ਪਿੰਡ ਤਲਵੰਡੀ ਦੀ ਵਾਹੀਯੋਗ ਲਗਪਗ 18 ਏਕੜ ਜ਼ਮੀਨ ਦਾ ਅੱਜ ਪੰਚਾਇਤ ਨੇ ਪ੍ਰਸ਼ਾਸਨ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਕਬਜ਼ਾ ਲੈ ਲਿਆ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਰਾਜ ਪ੍ਰਿਤਪਾਲ ਸਿੰਘ ਭਦੌੜ, ਡੀਡੀਪੀਓ ਅਮਰਿੰਦਰਪਾਲ ਸਿੰਘ ਚੌਹਾਨ, ਬੀਡੀਪੀਓ ਜਗਰਾਜ ਸਿੰਘ ਸ਼ਹਿਣਾ, ਪੰਚਾਇਤ ਅਫ਼ਸਰ ਅਵਤਾਰ ਸਿੰਘ, ਸਕੱਤਰ ਸੁਖਪਾਲ ਕੌਰ, ਅੰਮ੍ਰਿਤਪਾਲ ਸਿੰਘ, ਡੀਐੱਸਪੀ ਗੁਰਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਥਾਣਾ ਮੁਖੀ ਭਦੌੜ ਅਤੇ ਭਾਰੀ ਪੁਲੀਸ ਫੋਰਸ ਮੌਜੂਦ ਸਨ।
ਅਮਰਿੰਦਰਪਾਲ ਸਿੰਘ ਚੌਹਾਨ ਤੇ ਜਗਰਾਜ ਸਿੰਘ ਸ਼ਹਿਣਾ ਨੇ ਦੱਸਿਆ ਕਿ 2019 ਵਿੱਚ ਤਤਕਾਲੀ ਪੰਚਾਇਤ ਨੇ 18 ਏਕੜ ਪੰਚਾਇਤੀ ਜ਼ਮੀਨ ਦੇ ਦੋ ਟੱਕ ਬਲਜਿੰਦਰ ਸਿੰਘ ਜਰਨਲ ਵਰਗ ਅਤੇ ਬਲਵੀਰ ਸਿੰਘ ਐੱਸਸੀ ਵਰਗ ਨੂੰ ਠੇਕੇ ’ਤੇ ਦਿੱਤੇ ਸੀ। ਇਨ੍ਹਾਂ ਵਿਅਕਤੀਆਂ ਦਾ ਸਮਾਂ 2024 ਵਿੱਚ ਪੂਰਾ ਹੋ ਗਿਆ ਸੀ ਪਰ ਹੁਣ ਨਵੀਂ ਪੰਚਾਇਤ ਨੇ ਕਈ ਵਾਰ ਉਸ ਨੂੰ ਬੋਲੀ ਕਰਵਾਉਣ ਲਈ ਕਿਹਾ ਕਿ ਪਰ ਉਹ ਜ਼ਮੀਨ ਛੱਡ ਨਹੀਂ ਰਹੇ ਸਨ। ਉਨ੍ਹਾਂ ਕਿਹਾ ਕਿ ਉਪਰੋਂ ਆਏ ਹੁਕਮਾਂ ’ਤੇ ਕਬਜ਼ ਲਿਆ ਗਿਆ ਹੈ। ਪੰਚਾਇਤੀ ਜ਼ਮੀਨ ਦੀ ਵਾਹੀ ਕਰ ਰਹੇ ਕਿਸਾਨ ਬਲਜਿੰਦਰ ਸਿੰਘ ਨੇ ਕਿਹਾ ਕਿ 2019 ਵਿਚ ਉਕਤ ਜ਼ਮੀਨ ਦੀ ਬੋਲੀ ਉਨ੍ਹਾਂ ਦੇ ਨਾਮ ਹੋਈ ਸੀ ਤੇ ਉਸ ਸਮੇਂ ਜ਼ਮੀਨ ਬੰਜਰ ਤੇ ਉਨ੍ਹਾਂ 35-40 ਲੱਖ ਰੁਪਏ ਖਰਚ ਕਰ ਕੇ ਜ਼ਮੀਨ ਨੂੰ ਆਬਾਦ ਕੀਤਾ। ਉਸ ਨੇ ਆਖਿਆ ਕਿ ਪੰਚਾਇਤ ਨੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਸ਼ਹਿ ’ਤੇ ਕਬਜ਼ਾ ਲਿਆ ਹੈ ਜਿਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਨਿਯਮਾਂ ਅਨੁਸਾਰ ਕਬਜ਼ਾ ਲਿਆ: ਵਿਧਾਇਕ
ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਕਿਹਾ ਕਿ ਉਹ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੇ ਨਿਯਮਾਂ ਅਨੁਸਾਰ ਜ਼ਮੀਨ ਦਾ ਕਬਜ਼ਾ ਲਿਆ ਹੈ।