ਏਡੀਸੀ ਵੱਲੋੋਂ ਬੱਲ੍ਹੋ ’ਚ ਵਿਕਾਸ ਕਾਰਜਾਂ ਦਾ ਜਾਇਜ਼ਾ
ਗ੍ਰਾਮ ਪੰਚਾਇਤ ਬੱਲ੍ਹੋ ਵਿੱਚ ਵਿਕਾਸ ਦੇ ਚੱਲ ਰਹੇ ਕੰਮ ਦਾ ਬਠਿੰਡਾ ਦੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੰਚਨ ਵੱਲੋਂ ਕੰਮਾਂ ਦਾ ਜਾਇਜ਼ਾ ਲਿਆ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੰਚਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਛੱਪੜਾਂ ਨੂੰ ਥਾਪਰ ਮਾਡਲ ਤਕਨੀਕ ਨਾਲ ਵਿਕਸਿਤ ਕੀਤਾ ਜਾ ਰਿਹਾ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਕਿਸਾਨਾਂ ਦੇ ਖੇਤਾਂ ਨੂੰ ਸਿੰਜਾਈ ਲਈ ਸਾਫ਼ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜਾਂ ਦੇ ਕੰਮ ਕਰਨ। ਪੰਚ ਕਰਮਜੀਤ ਸਿੰਘ ਫ਼ੌਜੀ ਨੇ ਦੱਸਿਆ ਕਿ ਪਿੰਡ ਦੇ ਥਾਪਰ ਮਾਡਲ ਛੱਪੜ ਉੱਪਰ 40 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤਾ ਜਾ ਰਿਹਾ ਅਤੇ ਪਿੰਡ ਦੀ ਆਂਗਣਵਾੜੀ ਸੈਂਟਰ ’ਤੇ 10 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ। ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਕੰਮਾਂ ਤੇ ਪਿੰਡ ਵਾਸੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਚ ਰਾਮ ਸਿੰਘਾ ਤੇ ਪਰਮਜੀਤ ਸਿੰਘ ਭੁੱਲਰ ਪੰਚਾਇਤ ਸਕੱਤਰ ਨੇ ਦੱਸਿਆ ਕਿ ਥਾਪਰ ਮਾਡਲ ਛੱਪੜ ਤੇ 15 ਵਾਂ ਵਿੱਤ ਕਮਿਸ਼ਨ, ਮਗਨਰੇਗਾ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਹੋ ਰਹੇ ਹਨ। ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰ ਦੀ ਇਮਾਰਤ ਤੇ ਮਗਨਰੇਗਾ ਸਕੀਮ ਅਤੇ ਆਈਸੀਡੀਐੱਸ ਸਕੀਮ ਅਧੀਨ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ ਯਾਦਵ ਬੀਡੀਪੀਓ ਰਾਮਪੁਰਾ, ਮਨਪ੍ਰੀਤ ਸਿੰਘ ਜੇਈ, ਸੰਦੀਪ ਕੌਰ ਏਪੀਓ, ਭੁਪਿੰਦਰ ਸਿੰਘ ਜਟਾਣਾ, ਪੰਚ ਹਾਕਮ ਸਿੰਘ, ਪ੍ਰਧਾਨ ਕਰਮਜੀਤ ਸਿੰਘ ਤੇ ਅਵਤਾਰ ਸਿੰਘ ਨੰਬਰਦਾਰ ਹਾਜ਼ਰ ਸਨ।