ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਆਦਰਸ਼ ਸਕੂਲ ਚਾਉਕੇ ਦੇ ਦੋ ਅਧਿਆਪਕ ਆਗੂਆਂ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਬਹਾਲ ਕਰਵਾਉਣ ਲਈ ਅੱਜ ਅਧਿਆਪਕਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਤਨਖਾਹ ਦਾ ਮਸਲਾ ਹੱਲ ਕਰਨ ਤੇ ਕਿਸਾਨ ਆਗੂਆਂ ਨੂੰ ਰਿਹਾਅ ਦੀ ਮੰਗ ਕੀਤੀ ੲਸ ਦੌਰਾਨ ਕਚਹਿਰੀ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਦੇ ਵਤੀਰੇ ਦੀ ਨਿਖੇਧੀ ਕੀਤੀ ਗਈ।
ਅਧਿਆਪਕ ਆਗੂ ਸੰਦੀਪ ਸਿੰਘ ਤੇ ਪਵਨਦੀਪ ਕੌਰ, ਸ਼ਿੰਗਾਰਾ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਬੀਕੇਯੂ ਉਗਰਾਹਾਂ ਨੇ ਕਿਹਾ ਕਿ ਕੁਝ ਰਾਜਨੀਤਿਕ ਲੋਕਾਂ ਦੇ ਸ਼ਹਿ ’ਤੇ ਆਦਰਸ਼ ਸਕੂਲ ਦੇ ਮਸਲੇ ਨੂੰ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਏਡੀਸੀ ਸਮੇਤ ਬਠਿੰਡਾ ਪ੍ਰਸ਼ਾਸਨ ਦੀ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਵੀ ਤਕਨੀਕੀ ਅੜਿੱਕਿਆਂ ਨੂੰ ਦੂਰ ਕਰਨ ਤੋਂ ਬਾਅਦ ਜਲਦ ਬਹਾਲ ਕੀਤੀਆਂ ਜਾਣਗੀਆਂ, ਜੇਲ੍ਹ ਵਿੱਚ ਕਿਸਾਨ ਆਗੂ ਬਿਨਾਂ ਸ਼ਰਤ ਰਿਹਾਅ ਕੀਤੇ ਜਾਣਗੇ ਅਤੇ ਮੈਨੇਜਮੈਂਟ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਪ੍ਰਸ਼ਾਸਨ ਹੁਣ ਆਪਣੀਆਂ ਇਨ੍ਹਾਂ ਸ਼ਰਤਾਂ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਕੱਤਰ ਜਸਵਿੰਦਰ ਸਿੰਘ, ਰੇਸ਼ਮ ਸਿੰਘ ਤੇ ਜਗਪਾਲ ਬੰਗੀ ਨੇ ਦੱਸਿਆ ਬਠਿੰਡਾ ਪ੍ਰਸ਼ਾਸਨ ਮੁਲਜ਼ਮਾਂ ’ਤੇ ਪਰਚਾ ਦਰਜ ਕਰਵਾਉਣ ਦੀ ਥਾਂ ’ਤੇ ਉਲਟਾਂ ਸੰਘਰਸ਼ੀ ਅਧਿਆਪਕਾਂ ’ਤੇ ਕਿਸਾਨ ਆਗੂਆਂ ਨੂੰ ਸਬਕ ਸਿਖਾਉਣ ਦੇ ਰਾਹ ਤੁਰਿਆ ਹੋਇਆ ਹੈ। ਇਸ ਮੌਕੇ ਸੰਦੀਪ ਸਿੰਘ, ਗੁਰਤੇਜ ਸਿੰਘ, ਗੁਰਦੀਪ ਰੜ, ਕਮਲਪ੍ਰੀਤ ਕੌਰ, ਕਰਮਜੀਤ ਕੌਰ, ਲਾਲ ਸਿੰਘ ਭੁੱਲਰ, ਅਮਨਦੀਪ, ਬੂਟਾ ਬੱਲ੍ਹੋ, ਗੁਲਾਬ ਜਿਉਂਦ, ਪ੍ਰਗਟ ਸਿੰਘ, ਜਗਪਾਲ ਬੰਗੀ, ਜਸਵਿੰਦਰ ਸਿੰਘ, ਵਿਕਾਸ ਗਰਗ, ਨਵਚਰਨਪ੍ਰੀਤ ਕੌਰ, ਪੀਐੱਸਯੂ ਰੰਧਾਵਾ ਬਿੰਦਰ ਸਿੰਘ ਤੇ ਹੋਰ ਹਾਜ਼ਰ ਸਨ।