ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਧਰਨੇ ਦਾ ਐਲਾਨ
ਖੇਤਰੀ ਪ੍ਰਤੀਨਿਧ
ਰਾਮਪੁਰਾ ਫੂਲ, 6 ਜੁਲਾਈ
ਆਦਰਸ਼ ਸਕੂਲ ਚਾਉਕੇ ਸੰਘਰਸ਼ਸ਼ੀਲ ਅਧਿਆਪਕਾਂ ਨੇ ਪਿੰਡ ਰਾਮਪੁਰਾ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਜਿਸ ਵਿੱਚ ਵਾਅਦੇ ਅਨੁਸਾਰ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 15 ਜੁਲਾਈ ਨੂੰ ਡੀਸੀ ਦਫ਼ਤਰ ਬਠਿੰਡਾ ਦੇ ਹੈੱਡ ਕੁਆਟਰ ਤੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਅਧਿਆਪਕ ਬਲਵਿੰਦਰ ਨੇ ਦੱਸਿਆ ਕਿ ਪ੍ਰਸ਼ਾਸਨ ਤੈਅ ਹੋਈਆਂ ਸ਼ਰਤਾਂ ਤੋਂ ਭੱਜ ਰਿਹਾ ਹੈ। ਪ੍ਰਸ਼ਾਸਨ ਦੀ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਵੀ ਤਕਨੀਕੀ ਅੜਿੱਕਿਆਂ ਨੂੰ ਦੂਰ ਕਰਨ ਤੋਂ ਬਾਅਦ ਜਲਦ ਬਹਾਲ ਕੀਤੀਆਂ ਜਾਣਗੀਆਂ, ਜੇਲ੍ਹ ਵਿੱਚ ਕਿਸਾਨ ਆਗੂ ਬਿਨਾਂ ਸ਼ਰਤ ਰਿਹਾ ਕੀਤੇ ਜਾਣਗੇ ਤੇ ਪਵਨਦੀਪ ਕੌਰ ਨੂੰ ਮੁੜ ਬਹਾਲ ਕਰਨ ਆਦਿ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜਿਹਾ ਨਹੀਂ ਹੋਇਆ ਜਦੋਂ ਤੱਕ ਪ੍ਰਸ਼ਾਸਨ ਦੁਆਰਾ ਪੁਰਾਣੇ ਟੀਚਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਇਸੇ ਤਰਾਂ ਚੱਲਦਾ ਰਹੇਗਾ। ਪ੍ਰਸ਼ਾਸਨ ਦੇ ਅਜਿਹੇ ਰਵੱਈਏ ਨੂੰ ਵੇਖਦਿਆਂ 15 ਜੁਲਾਈ ਨੂੰ ਡੀਸੀ ਦਫ਼ਤਰ ਵਿੱਚ ਵੱਡਾ ਇਕੱਠ ਕਰਕੇ ਰੋਸ ਧਰਨੇ ਦਾ ਐਲਾਨ ਕੀਤਾ ਹੈ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਹੇਮਰਾਜ ਸਿੰਘ ਟੀਐੱਸਯੂ ਭੰਗਲ, ਹਰਦੀਪ ਸਿੰਘ ਤੱਗੜ ਠੇਕਾ ਮੁਲਾਜ਼ਮ ਯੂਨੀਅਨ, ਜਗਦੀਸ਼ ਸਿੰਘ ਬੀਕੇਯੂ ਡਕੌਂਦਾ ਧਨੇਰ ਗਰੁੱਪ, ਡੀਟੀਐੱਫ ਦੇ ਬਰਜਿੰਦਰ ਸਿੰਘ, ਸੰਦੀਪ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ ਪਵਨਦੀਪ ਕੌਰ, ਕਮਲਜੀਤ ਕੌਰ ਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ।