ਐਕਟਿਵਾ ਚਾਲਕ ਅੱਧਾ ਕਿਲੋ ਹੈਰੋਇਨ ਸਣੇ ਕਾਬੂ
ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲੀਸ ਨੇ ਐਕਟਿਵਾ ਸਵਾਰ ਇੱਕ ਨੌਜਵਾਨ ਨੂੰ 505 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ 27 ਅਗਸਤ ਨੂੰ ਕੈਨਾਲ ਕਲੋਨੀ ਥਾਣੇ ਦੇ ਐੱਸਐੱਚਓ ਹਰਜੀਵਨ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਬਹਿਮਣ ਨੇੜੇ ਸਰਹਿੰਦ ਨਹਿਰ ਦੇ ਪੁਲ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਿੰਗ ਰੋਡ ਤਰਫ਼ੋਂ ਆ ਰਹੇ ਇੱਕ ਐਕਟਿਵਾ ਸਕੂਟਰੀ ’ਤੇ ਸਵਾਰ ਨੌਜਵਾਨ ਨੂੰ ਰੋਕ ਕੇ ਮੌਕੇ ’ਤੇ ਪੁੱਜੇ ਸਿਟੀ-1 ਬਠਿੰਡਾ ਦੇ ਡੀਐਸਪੀ ਸੰਦੀਪ ਭਾਟੀ ਵੱਲੋਂ ਤਲਾਸ਼ੀ ਲਈ ਗਈ, ਤਾਂ ਸਕੂਟਰੀ ਵਿੱਚੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨ ਪਰਸ ਰਾਮ ਨਗਰ ਬਠਿੰਡਾ ਦਾ ਰਹਿਣ ਵਾਲਾ ਰਾਹੁਲ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਇਸ ਧੰਦੇ ਨੂੰ ਚਲਾਉਣ ਲਈ ਉਸ ਦਾ ਸਾਥ ਇਸ਼ਾਂਤ ਕੁਮਾਰ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ਼ਾਂਤ ਇਸ ਵੇਲੇ ਕਪੂਰਥਲਾ ਜੇਲ੍ਹ ਵਿੱਚ ਐਨਡੀਪੀਐਸ ਐਕਟ ਤਹਿਤ ਸਜ਼ਾ ਕੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਖ਼ਿਲਾਫ਼ ਕੇਸਦਰਜ ਕਰ ਲਿਆ ਹੈ।