ਨਾਜਾਇਜ਼ ਪਿਸਤੌਲ ਸਣੇ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਕਾਲਾਂਵਾਲੀ, 21 ਜੂਨ
ਥਾਣਾ ਔਢਾਂ ਪੁਲੀਸ ਨੇ ਇੱਕ ਵਿਅਕਤੀ ਨੂੰ 315 ਬੋਰ ਦੇ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਔਢਾਂ ਵਜੋਂ ਹੋਈ ਹੈ। ਥਾਣਾ ਔਢਾਂ ਦੇ ਇੰਚਾਰਜ ਗਜਰਾਜ ਨੇ ਦੱਸਿਆ ਕਿ ਐੱਸਆਈ ਪਵਨ ਕੁਮਾਰ ਆਪਣੀ ਪੁਲੀਸ ਪਾਰਟੀ ਨਾਲ ਬੱਸ ਸਟੈਂਡ ਪਿੰਡ ਔਢਾਂ ’ਚ ਗਸ਼ਤ ਅਤੇ ਜਾਂਚ ਲਈ ਮੌਜੂਦ ਸਨ। ਇਸ ਦੌਰਾਨ ਐੱਸਆਈ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਵਿਅਕਤੀ ਜਿਸ ਕੋਲ ਨਾਜਾਇਜ਼ ਹਥਿਆਰ ਹੈ ਅਤੇ ਅਨਾਜ ਮੰਡੀ ਦੇ ਸ਼ੈੱਡ ਹੇਠਾਂ ਬੈਠਾ ਹੈ। ਸੂਚਨਾ ਦੇ ਆਧਾਰ ’ਤੇ ਦੱਸੀ ਗਈ ਜਗ੍ਹਾ ਅਨਾਜ ਮੰਡੀ ਔਢਾਂ ’ਚ ਛਾਪਾਮਾਰੀ ਕੀਤੀ ਤਾਂ ਇੱਕ ਨੌਜਵਾਨ ਲੜਕਾ ਅਚਾਨਕ ਸ਼ੈੱਡਾਂ ਹੇਠੋਂ ਉੱਠਿਆ ਅਤੇ ਤੇਜ਼ ਕਦਮਾਂ ਨਾਲ ਖੇਤਾਂ ਵੱਲ ਤੁਰਨ ਲੱਗ ਪਿਆ। ਐੱਸਆਈ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਲੜਕੇ ਨੂੰ ਥੋੜ੍ਹੀ ਦੂਰੀ ’ਤੇ ਫੜ ਲਿਆ ਅਤੇ ਉਸਦੀ ਤਲਾਸ਼ੀ ਲਈ। ਮੁਲਜ਼ਮ ਦੇ ਕਬਜ਼ੇ ’ਚੋਂ 315 ਬੋਰ ਦਾ ਇੱਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ।