ਆੜ੍ਹਤੀ ਦੀ ਮੌਤ: ਪੀੜਤ ਪਰਿਵਾਰ ਨੇ ਥਾਣਾ ਘੇਰਿਆ
ਕੇਸ ’ਚ ਕਤਲ ਦੀ ਧਾਰਾ ਜੋਡ਼ਨ ਦੀ ਮੰਗ; ਚਾਰ ਦਿਨ ਬਾਅਦ ਵੀ ਸਸਕਾਰ ਨਾ ਹੋਇਆ
ਇਥੋਂ ਦੇ ਵਸਨੀਕ ਬਾਬੂ ਰਾਮ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਤੋਂ ਚਾਰ ਦਿਨ ਬਾਅਦ ਵੀ ਪਰਿਵਾਰ ਨੇ ਉਸ ਦਾ ਸਸਕਾਰ ਨਹੀਂ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਅਤੇ ਕਥਿਤ ਤੌਰ ’ਤੇ ਤਿੰਨ ਆੜ੍ਹਤੀ ਭਰਾਵਾਂ ਨੇ ਰਲਕੇ ਇਹ ਕਤਲ ਕੀਤਾ ਹੈ। ਇਸ ਲਈ ਕੇਸ ’ਚ ਕਤਲ ਦੀ ਧਾਰਾ ਜੋੜੀ ਜਾਵੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪੀੜਤ ਪਰਿਵਾਰ ਨੇ ਇਨਸਾਫ਼ ਲੈਣ ਲਈ ਅੱਜ ਥਾਣਾ ਸਿਟੀ ਦਾ ਘਿਰਾਓ ਕੀਤਾ। ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਬਾਬੂ ਰਾਮ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਸਨ। ਕਮਿਸ਼ਨ ਏਜੰਟ ਸੁਨੀਸ਼ ਡੁਮਰਾ ਅਤੇ ਮਨੀਸ਼ ਡੁਮਰਾ, ਨਵੀਂ ਅਨਾਜ ਮੰਡੀ ਵਿੱਚ ਦੁਕਾਨ ਨੰਬਰ 11 ਦੇ ਮਾਲਕ ਹਨ। ਲਗਪਗ ਛੇ ਸਾਲ ਪਹਿਲਾਂ ਉਸ ਦੇ ਪਿਤਾ ਨੇ ਸੁਨੀਸ਼ ਡੁਮਰਾ, ਮਨੀਸ਼ ਡੁਮਰਾ ਤੇ ਉਨ੍ਹਾਂ ਦੇ ਪੁੱਤਰ, ਅਨੀ ਡੁਮਰਾ ਨਾਲ 20 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ। ਉਸ ਦੇ ਪਿਤਾ ਨੇ ਲਗਪਗ 10 ਲੱਖ ਰੁਪਏ ਦਾ ਯੋਗਦਾਨ ਪਾਇਆ। ਉਸ ਦੇ ਪਿਤਾ ਨੇ ਵਾਰ-ਵਾਰ ਮੁਲਜ਼ਮਾਂ ਨੂੰ ਹਿਸਾਬ-ਕਿਤਾਬ ਕਰਨ ਲਈ ਕਿਹਾ ਪਰ ਉਹ ਹਮੇਸ਼ਾ ਇਸ ਨੂੰ ਟਾਲਦੇ ਰਹੇ। 9 ਨਵੰਬਰ ਨੂੰ ਉਕਤ ਕਮਿਸ਼ਨ ਏਜੰਟਾਂ ਨੇ ਉਸ ਦੇ ਪਿਤਾ ਨੂੰ ਹਿਸਾਬ-ਕਿਤਾਬ ਕਰਨ ਲਈ ਆਪਣੀ ਦੁਕਾਨ ’ਤੇ ਬੁਲਾਇਆ ਅਤੇ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ ਜਿਸ ਕਰਕੇ 11 ਨਵੰਬਰ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਆਖਿਆ ਕਿ ਪੁਲੀਸ ਨੇ ਮੁਲਜ਼ਮਾਂ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ।
ਡੀ ਐੱਸ ਪੀ ਨਵੀਨ ਕੁਮਾਰ ਨੇ ਕਿਹਾ ਕਿ ਪੁਲੀਸ ਜਾਂਚ ਅਤੇ ਸੀ ਸੀ ਟੀ ਵੀ ਫੁਟੇਜ ਵਿੱਚ ਬਾਬੂ ਰਾਮ ਨੂੰ ਕਮਿਸ਼ਨ ਏਜੰਟ ਦੀ ਦੁਕਾਨ ਵਿੱਚ ਦਾਖ਼ਲ ਹੁੰਦੇ ਨਹੀਂ ਦੇਖਿਆ ਗਿਆ। ਪੁਲੀਸ ਨੇ ਤਿੰਨ ਕਮਿਸ਼ਨ ਏਜੰਟਾਂ ਸੁਨੀਸ਼ ਡੁਮਰਾ, ਮਨੀਸ਼ ਡੁਮਰਾ ਅਤੇ ਅਨੀ ਡੁਮਰਾ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਛਾਪੇ ਮਾਰ ਰਹੀਆਂ ਹਨ।

