ਆੜ੍ਹਤੀ ਦੀ ਮੌਤ: ਪਰਿਵਾਰ ਨੇ ਮੁਕਤਸਰ-ਮਲੋਟ ਸੜਕ ’ਤੇ ਆਵਾਜਾਈ ਰੋਕੀ
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਕਤਲ ਦੀ ਧਾਰਾ ਜੋਡ਼ਨ ਦੀ ਮੰਗ
ਇਥੋਂ ਦੇ ਗੋਨੇਆਣਾ ਰੋਡ ’ਤੇ ਬਾਬੂ ਰਾਮ ਨਾਮੀ ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ ਹੋਣ ਦਾ ਮਾਮਲਾ ਭਖ਼ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲੀਸ ਨੇ ਤਿੰਨ ਆੜ੍ਹਤੀਆਂ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਕਾਰਵਾਈ ਤੋਂ ਖਫ਼ਾ ਪੀੜਤ ਪਰਿਵਾਰ ਨੇ ਮੁਕਤਸਰ-ਮਲੋਟ ਸੜਕ ’ਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਹ ਕਥਿਤ ਤੌਰ ’ਤੇ ਕਤਲ ਦਾ ਮਾਮਲਾ ਹੈ ਪਰ ਪੁਲੀਸ ਨੇ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਮੁਜ਼ਾਹਰਾ ਜਾਰੀ ਰੱਖਣਗੇ। ਇਸ ਧਰਨੇ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੀੜਤ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਬਾਬੂ ਰਾਮ ਆੜ੍ਹਤੀ ਵਜੋਂ ਕੰਮ ਕਰਦੇ ਸਨ ਤੇ ਉਨ੍ਹਾਂ ਦੀ ਹੋਰ ਆੜ੍ਹਤੀਆਂ ਨਾਲ ਸਾਂਝੀ ਦੁਕਾਨ ਨਵੀਂ ਦਾਣਾ ਮੰਡੀ ਵਿੱਚ ਹੈ। ਉਨ੍ਹਾਂ ਕਿਹਾ ਕਿ ਕਰੀਬ ਛੇ ਸਾਲ ਪਹਿਲਾਂ ਬਾਬੂ ਰਾਮ ਨੇ ਸੁਨੀਸ਼ ਡੂਮਰਾ, ਮੁਨੀਸ਼ ਡੂਮਰਾ ਅਤੇ ਅਨੀ ਡੂਮਰਾ ਨਾਲ ਆੜ੍ਹਤ ਦਾ ਸਾਂਝਾ ਕੰਮ ਕੀਤਾ ਸੀ। ਹੁਣ ਬਾਬੂ ਰਾਮ ਦਾ ਕਰੀਬ 30 ਲੱਖ ਰੁਪਏ ਡੂਮਰਾ ਹੋਰਾਂ ਵੱਲ ਵੱਧਦਾ ਸੀ। ਉਨ੍ਹਾਂ ਆਖਿਆ ਕਿ 9 ਨਵੰਬਰ ਨੂੰ ਡੂਮਰਾ ਭਰਾਵਾਂ ਨੇ ਬਾਬੂ ਰਾਮ ਨੂੰ ਦੁਕਾਨ ਉਪਰ ਹਿਸਾਬ ਕਰਨ ਲਈ ਸੱਦਿਆ ਸੀ ਜਿਥੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਦਿੱਤੀ ਅਤੇ 11 ਨਵੰਬਰ ਨੂੰ ਬਾਬੂ ਰਾਮ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਡੂਮਰਾ ਭਰਾਵਾਂ ਖ਼ਿਲਾਫ਼ ਗੈਰ ਇਰਾਦਾਤਨ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ ਜਦੋਂਕਿ ਇਹ ਕਤਲ ਦਾ ਮਾਮਲਾ ਹੈ।
ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕਰਾਂਗੇ: ਥਾਣਾ ਮੁਖੀ
ਏ ਐੱਸ ਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੁਨੀਸ਼ ਡੂਮਰਾ, ਮੁਨੀਸ਼ ਡੂਮਰਾ ਅਤੇ ਅਨੀ ਡੂਮਰਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਥਾਣਾ ਸਿਟੀ ਮੁਕਤਸਰ ਦੇ ਐੱਸ ਐੱਚ ਓ ਜਸਕਰਨਦੀਪ ਸਿੰਘ ਨੇ ਕਿਹਾ ਕਿ ਬਾਬੂ ਰਾਮ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

