ਆਗਾਮੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਫ਼ਲ ਬਣਾਉਣ ਲਈ ਪਾਰਟੀ ਦਾ ਹਰਾਵਲ ਦਸਤਾ (ਯੂਥ ਵਿੰਗ) ਸਰਗਰਮ ਹੋ ਗਿਆ ਹੈ। ਰਣਨੀਤੀ ਉਲੀਕਣ ਲਈ ਨੌਜਵਾਨਾਂ ਦੀ ਮੀਟਿੰਗ ਯੂਥ ਵਿੰਗ ਦੇ ਪੱਛਮੀ ਮਾਲਵਾ ਜ਼ੋਨ ਦੇ ਪ੍ਰਧਾਨ ਪਾਰਸ ਸ਼ਰਮਾ ਦੀ ਅਗਵਾਈ ਵਿੱਚ ਇੱਥੇ ਹੋਈ, ਜਿਸ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ੍ਰੀ ਭੱਲਾ ਨੇ ਕਿਹਾ ਕਿ ਉਂਜ ਤਾਂ ਸਾਰੀਆਂ ਚੋਣਾਂ ਵਿੱਚ ਹੀ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਪਰ ਇਨ੍ਹਾਂ ਚੋਣਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਅਹਿਮ ਰਹੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਲਿਆ ਰਹੀ ਹੈ, ਜਿਸ ਤਹਿਤ ਮਿਹਨਤੀ ਅਤੇ ਵਫ਼ਾਦਾਰ ਵਰਕਰਾਂ ਨੂੰ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਵੀ ਨੌਜਵਾਨ ਵਰਗ ਨੇ ਵੱਡਾ ਸਾਥ ਦਿੱਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।
ਪਾਰਸ ਸ਼ਰਮਾ ਨੇ ਦੱਸਿਆ ਕਿ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਲਈ ਯੂਥ ਵਿੰਗ ਦੇ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਇਸ ਮੌਕੇ ਯੂਥ ਵਿੰਗ ਦੇ ਆਗੂ ਯਾਦਵਿੰਦਰ ਸ਼ਰਮਾ, ਐਡਵੋਕੇਟ ਹਰਦੀਪ ਸਿੰਘ ਸਰਾਂ, ਭੁੱਚੋ ਹਲਕੇ ਦੇ ਯੂਥ ਕੋਆਰਡੀਨੇਟਰ ਹਰਪ੍ਰੀਤ ਸਿੰਘ, ਤਲਵੰਡੀ ਸਾਬੋ ਹਲਕੇ ਦੇ ਕੋਆਰਡੀਨੇਟਰ ਸਿਮਰਜੀਤ ਸਿੰਘ, ਬਠਿੰਡਾ (ਸ਼ਹਿਰੀ) ਹਲਕੇ ਦੇ ਕੋਆਰਡੀਨੇਟਰ ਅਸ਼ੀਸ਼ ਰਤਨ, ਯੂਥ ਆਗੂ ਰਮਨ ਸਿੱਧੂ, ਰੇਸ਼ਮ ਸਿੰਘ ਮਠਾੜੂ, ਮਨੋਜ ਸ਼ਰਮਾ, ਪ੍ਰਦੀਪ ਜੋਸ਼ੀ, ਸਿਧਾਰਥ, ਜਸਬੀਰ ਸਿੰਘ ਅਤੇ ਰਮਨਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।