ਨਵਦੀਪ ਜੀਦਾ ਦੇ ਇੰਚਰਾਜ ਬਣਨ ’ਤੇ ‘ਆਪ’ ਵਰਕਰ ਖੁਸ਼
ਬਠਿੰਡਾ, 1 ਜੂਨ
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਥਾਪਿਆ ਗਿਆ ਹੈ। ਉਨ੍ਹਾਂ ਦੀ ਤਾਜ਼ਾ ਨਿਯੁਕਤੀ ਨੂੰ ਲੈ ਕੇ ਪਾਰਟੀ ਸਫ਼ਾਂ ਵਿੱਚ ਖ਼ੁਸ਼ੀ ਦਾ ਆਲਮ ਹੈ। ਐਡਵੋਕੇਟ ਜੀਦਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਮਗਰੋਂ ਉਨ੍ਹਾਂ ਦੇ ਗ੍ਰਹਿ ਵਿਖੇ ਮੁਬਾਰਕਬਾਦ ਸਾਂਝੀ ਕਰਨ ਵਾਲੇ ਸਨੇਹੀਆਂ ਦਾ ਤਾਂਤਾ ਲੱਗਾ ਹੋਇਆ ਹੈ। ਪਾਰਟੀ ਵਰਕਰਾਂ ਨੇ ਉਮੀਦ ਜਿਤਾਈ ਹੈ ਕਿ ਨਵੀਂ ਜ਼ਿੰਮੇਵਾਰ ਮਿਲਣ ਮਗਰੋਂ ਸ੍ਰੀ ਜੀਦਾ ਪਾਰਟੀ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਹੋਰ ਵੀ ਨਿੱਠ ਕੇ ਆਪਣੇ ਫ਼ਰਜ਼ਾਂ ਦੀ ਅਦਾਇਗੀ ਕਰਨਗੇ। ਉਨ੍ਹਾਂ ਕਿਹਾ ਕਿ ਐਡਵੋਕੇਟ ਜੀਦਾ ਦੀ ਅਗਵਾਈ ਵਿੱਚ ਸੰਸਦੀ ਹਲਕਾ ਬਠਿੰਡਾ ’ਚ ਪਾਰਟੀ ਹੋਰ ਵੀ ਚੜ੍ਹਦੀ ਕਲਾ ਵੱਲ ਸਫ਼ਰ ਕਰੇਗੀ। ਨਵਦੀਪ ਜੀਦਾ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਏ ਜਾਣ ਲਈ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਵਿਸ਼ਵਾਸ਼ ’ਤੇ ਖ਼ਰਾ ਉਤਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ 2029 ਦੀਆਂ ਸੰਸਦੀ ਚੋਣਾਂ ’ਚ ‘ਆਪ’ ਦਾ ਬਠਿੰਡਾ ਹਲਕੇ ਤੋਂ ਉਮੀਦਵਾਰ ਸ਼ਾਨਦਾਰ ਫ਼ਤਹਿ ਪ੍ਰਾਪਤ ਕਰੇ।