ਸ਼ਗਨ ਕਟਾਰੀਆ
ਬਠਿੰਡਾ, 26 ਫਰਵਰੀ
ਆਮ ਆਦਮੀ ਪਾਰਟੀ ਨੇ ਆਪਣੀਆਂ ਜੜ੍ਹਾਂ ਨੂੰ ਲੋਕਾਂ ’ਚ ਹੋਰ ਮਜ਼ਬੂਤ ਕਰਨ ਲਈ ਹਰ ਸੋਮਵਾਰ ਨੂੰ ਬਠਿੰਡਾ ’ਚ ਲੋਕ ਸੰਪਰਕ ਪ੍ਰੋਗਰਾਮ ਕਰਨ ਦੀ ਰੂਪਰੇਖ਼ਾ ਉਲੀਕੀ ਹੈ। ਇਹ ਫੈਸਲਾ ਜ਼ਿਲ੍ਹੇ ਨਾਲ ਸਬੰਧਤ ਅੱਧੀ ਦਰਜਨ ਤੋਂ ਵੱਧ ਚੇਅਰਮੈਨਾਂ ਸਣੇ ਸਥਾਨਕ ਆਗੂਆਂ ਵੱਲੋਂ ਲਿਆ ਗਿਆ ਹੈ। ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਨਵੀਂ ਪਹਿਲਕਦਮੀ ਕੀਤੀ ਹੈ। ਭੱਲਾ ਨੇ ਕਿਹਾ ਕਿ ਸਥਾਨਕ ਸਰਕਟ ਹਾਊਸ ’ਚ ਇਹ ਪ੍ਰੋਗਰਾਮ ਉਲੀਕਣ ਸਮੇਂ ਉਨ੍ਹਾਂ ਨਾਲ ਸ਼ੂਗਰਫ਼ੈੱਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਜੰਗਲਾਤ ਵਿਭਾਗ ਦੇ ਚੇਅਰਮੈਨ ਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਰਾਕੇਸ਼ ਪੁਰੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਉਂਜ ਇਹ ਪ੍ਰੋਗਰਾਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਰੱਖਿਆ ਗਿਆ ਸੀ, ਜਿਸ ਵਿੱਚ ਸੈਂਕੜੇ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਆਏ ਤੇ ਜ਼ਿਆਦਾਤਰ ਮੁਸ਼ਕਲਾਂ ਦਾ ਸਬੰਧਤ ਵਿਭਾਗਾਂ ਤੋਂ ਮੌਕੇ ’ਤੇ ਹੀ ਹੱਲ ਵੀ ਕਰਵਾਇਆ ਗਿਆ।