‘ਆਪ’ ਕੋਲ ਲੋਕ ਭਲਾਈ ਲਈ ਕੋਈ ਨੀਤੀ ਨਹੀਂ: ਲੋਹਗੜ੍ਹ
ਸਾਬਕਾ ਕਾਂਗਰਸੀ ਵਿਧਾਇਕ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਢਿਆ
ਸਾਬਕਾ ਕਾਂਗਰਸੀ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਅੱਜ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਜ਼ੋਨਾਂ ਦੇ ਸਾਰੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ। ਪਿੰਡ ਮੁੰਡੀ ਜਮਾਲ ਵਿੱਚ ਉਨ੍ਹਾਂ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਜਸਬੀਰ ਕੌਰ ਮਸਤੇ ਵਾਲਾ ਅਤੇ ਪੰਚਾਇਤ ਸਮਿਤੀ ਉਮੀਦਵਾਰ ਰਾਜਬੀਰ ਕੌਰ ਸਰਾ ਲਈ ਸਮਰਥਨ ਮੰਗਿਆ। ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਨੇ ‘ਆਪ’ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ ਵਿੱਚ ਆਈ ਸੀ ਅਤੇ ਪਾਰਟੀ ਦੇ ਆਮ ਦਿੱਖ ਵਾਲੇ ਆਗੂ ਹੁਣ ਖ਼ਾਸ ਵਿਅਕਤੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਬਣੇ ਆਗੂਆਂ ਕੋਲ ਨਾ ਤਾਂ ਪੰਜਾਬ ਵਾਸੀਆਂ ਦੀ ਭਲਾਈ ਲਈ ਕੋਈ ਤਜਰਬਾ ਹੈ ਅਤੇ ਨਾ ਹੀ ਕੋਈ ਠੋਸ ਨੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਮਾਂ ਦੇ ਸਹਾਰੇ ਮੌਜੂਦਾ ਸਰਕਾਰ ਚੱਲ ਰਹੀ ਹੈ। ਸੂਬੇ ਦੇ ਖਾਲੀ ਖਜ਼ਾਨੇ ਦੇ ਚਲਦਿਆਂ ਪੈਨਸ਼ਨ ਧਾਰਕਾਂ ਨੂੰ ਲੰਘੇ ਮਹੀਨੇ ਪੈਨਸ਼ਨਾਂ ਨਹੀਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਿੱਤ ਦਿਨ ਝੂਠੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਉਮੀਦਵਾਰਾਂ ਨੂੰ ਲੋਕਤੰਤਰ ਦੀ ਪਹਿਲੀ ਪੌੜੀ ਚੜ੍ਹਾ ਦੇਣ ਤਾਂ ਜੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਸ਼ਿਵਾਜ ਸਿੰਘ ਭੋਲਾ ਮਸਤੇ ਵਾਲਾ, ਰਾਜਵਿੰਦਰ ਸਿੰਘ ਕੜਾਹੇਵਾਲਾ, ਅਮਨਦੀਪ ਸਿੰਘ ਗਿੱਲ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਲਲਿਹਾਦੀ ਅਤੇ ਹਰ ਹਾਜ਼ਰ ਸਨ।

