ਸੱਦੋਵਾਲ ’ਚ ਮੈਡੀਕਲ ਸਟੋਰ ਮਾਲਕ ਤੇ ਲੋਕਾਂ ’ਚ ਪੇਚਾ ਪਿਆ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 12 ਜੁਲਾਈ
ਪਿੰਡ ਸੱਦੋਵਾਲ ਵਿਚ ਨਸ਼ਾ ਵੇਚਣ ਨੂੰ ਲੈ ਕੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਸਮੁੱਚੇ ਪਿੰਡ ਵਾਸੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਤੜਕਸਾਰ ਹੀ ਪਿੰਡ ਵਿੱਚ ਉਸ ਵੇਲੇ ਵਿਵਾਦ ਖੜ੍ਹਾ ਹੋ ਗਿਆ, ਜਦੋਂ ਸਰਪੰਚ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਨੂੰ ਨਸ਼ਾ ਨਾ ਵੇਚਣ ਲਈ ਚਿਤਾਵਨੀ ਦਿੱਤੀ ਗਈ। ਮੈਡੀਕਲ ਸਟੋਰ ਮਾਲਕ ਵੱਲੋਂ ਸਰਪੰਚ ਅਤੇ ਕੁਝ ਪੰਚਾਂ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਮੁੱਚੇ ਪਿੰਡ ਵਾਸੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਰੋਸ ਪੈਦਾ ਹੋ ਗਿਆ ਅਤੇ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ ਅਤੇ ਸਾਬਕਾ ਸਰਪੰਚ ਨਛੱਤਰ ਸਿੰਘ ਸੱਦੋਵਾਲ ਨੇ ਦੱਸਿਆ ਕਿ ਪਿਛਲੇ 2-3 ਸਾਲਾਂ ਤੋਂ ਕਲੀਨਿਕ ਦੀ ਆੜ ਹੇਠ ਪਿੰਡ ਵਿੱਚ ਨਸ਼ੇ ਦੀ ਖੁੱਲ੍ਹੀ ਵਿਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਸ਼ਾ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਿਹਾ ਹੈ। ਰਾਤ ਸਮੇਂ ਨਸ਼ਾ ਵਾਪਰੀਆਂ ਵੱਲੋਂ ਕਲੀਨਿਕ ’ਤੇ ਆ ਕੇ ਨਸ਼ੇ ਦੀ ਸਪਲਾਈ ਦਿੱਤੀ ਜਾਂਦੀ ਹੈ ਅਤੇ ਕਈ ਵਾਰ ਪੂਰੀ ਗੱਲ ਪੁਲੀਸ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ ਜਾਣ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਕਲੀਨਿਕ ਮਾਲਕ ਨੂੰ ਨਸ਼ਾ ਨਾ ਵੇਚਣ ਲਈ ਚਿਤਾਵਨੀ ਦੇਣ ਗਏ ਸਨ, ਪਰੰਤੂ ਇਸ ਦੌਰਾਨ ਕਲੀਨਿਕ ਮਾਲਕ ਵੱਲੋਂ ਪੰਚਾਇਤ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਕਲੀਨਿਕ ਬੰਦ ਕਰਕੇ ਫ਼ਰਾਰ ਹੋ ਗਿਆ। ਉਥੇ ਪਿੰਡ ਦੇ ਇਕੱਠ ਵਿੱਚ ਟੱਲੇਵਾਲ ਪੁਲੀਸ ਦੇ ਥਾਣੇਦਾਰ ਮਲਕੀਤ ਸਿੰਘ ਦੀ ਅਗਵਾਈ ਵਿੱਚ ਟੀਮ ਪਹੁੰਚੀ ਅਤੇ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਅਤੇ ਪੰਚਾਇਤੀ ਨੁਮਾਇੰਦਿਆਂ ‘ਤੇ ਹਮਲੇ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਏਐਸਆਈ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।