ਆੜ੍ਹਤੀ ਸਣੇ ਚਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
ਲੰਬੀ ਪੁਲੀਸ ਨੇ ਡੱਬਵਾਲੀ ਦੇ ਆੜ੍ਹਤੀ ਹਰੀਸ਼ ਗੁਪਤਾ ਸਣੇ ਚਾਰ ਹੋਰਾਂ ਖ਼ਿਲਾਫ਼ ਵੜਿੰਗਖੇੜਾ ਦੇ ਮਰਹੂਮ ਕਿਸਾਨ ਗੁਰਮੇਲ ਸਿੰਘ ਦੇ ਨਾਂ ’ਤੇ ਜਾਅਲੀ ਪ੍ਰਨੋਟ ਤੇ ਰਸੀਦ ਬਣਾਉਣ ਤੇ 16 ਲੱਖ ਰੁਪਏ (8.64 ਵਿਆਜ) ਦਾ ਝੂਠਾ ਕੇਸ (ਦਾਅਵਾ) ਗਿੱਦੜਬਾਹਾ ਅਦਾਲਤ ਵਿੱਚ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਗੁਰਮੇਲ ਸਿੰਘ ਦੀ 26 ਫਰਵਰੀ 2020 ਨੂੰ ਮੌਤ ਹੋ ਚੁੱਕੀ ਸੀ ਪਰ ਹਰੀਸ਼ ਗੁਪਤਾ ਨੇ 24 ਫਰਵਰੀ 2020 ਦੀ ਗਿਣੀ-ਮਿਥੀ ਸਾਜ਼ਿਸ਼ ਤਹਿਤ ਇੱਕ ਫਰਜ਼ੀ ਪ੍ਰਨੋਟ ਤਿਆਰ ਕਰਵਾਇਆ, ਜਿਸ ਵਿੱਚ ਗਵਾਹ ਜਸਪਾਲ ਸਿੰਘ ਅਤੇ ਗਵਾਹ/ ਲਿਖਤਕਰਤਾ ਜਸਕਰਨ ਸਿੰਘ ਸੀ। ਇਸ ਪ੍ਰਨੋਟ ਰਾਹੀਂ ਇੱਕ ਹੋਰ ਕਿਸਾਨ ਗੁਰਚਰਨ ਸਿੰਘ ਨੂੰ ਲੈਣਦਾਰ ਦਰਸਾ ਕੇ ਮ੍ਰਿਤਕ ਗੁਰਮੇਲ ਸਿੰਘ ਦੇ ਵਾਰਸਾਂ ਵਿਰੁੱਧ 24.64 ਲੱਖ ਰੁਪਏ ਦੀ ਵਸੂਲੀ ਦਾ ਅਦਾਲਤੀ ਕੇਸ ਦਾਇਰ ਕਰਵਾਇਆ ਗਿਆ। ਮੁਦਈ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਦੋਸ਼ ਲਗਾਇਆ ਕਿ ਆੜ੍ਹਤੀ ਹਰੀਸ਼ ਕੁਮਾਰ ਨੇ ਉਸ ਦੇ ਪਿਤਾ ਦੀ ਮੌਤ ਦੇ ਕਰੀਬ ਦੋ ਸਾਲ ਬਾਅਦ ਜਾਅਲੀ ਪ੍ਰਨੋਟ ਤੇ ਰਸੀਦ ਬਣਾਈ।
ਅਦਾਲਤੀ ਪੇਸ਼ੀ ਦੌਰਾਨ ਪ੍ਰਨੋਟ ਕੇਸ ਦੇ ਮੁਦਈ ਗੁਰਚਰਨ ਸਿੰਘ ਨੇ ਬਿਆਨ ਦਿੱਤਾ ਕਿ ਹਰੀਸ਼ ਗੁਪਤਾ ਨੇ ਉਸ ਤੋਂ ਦਬਾਅ ਪਾ ਕੇ ਵਸੂਲੀ ਕੇਸ ਕਰਵਾਇਆ ਹੈ ਤੇ ਉਸ ਨੇ ਕੇਸ ਵਾਪਸ ਲੈ ਲਿਆ। ਐੱਸਪੀ (ਡੀ) ਤੇ ਡੀਐੱਸਪੀ ਪੱਧਰ ਦੀ ਪੁਲੀਸ ਪੜਤਾਲ ਮਗਰੋਂ ਹਰੀਸ਼ ਗੁਪਤਾ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਕਿੱਲਿਆਂਵਾਲੀ (ਆਰਜੀ) ਦੇ ਮੁਖੀ ਹਰਪ੍ਰੀਤ ਕੌਰ ਨੇ ਕਿਹਾ ਕਿ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਹੈ।