ਮੀਂਹ ਕਾਰਨ ਪਿੰਡ ਰੂਪਾਵਾਸ ਦੀ 800 ਏਕੜ ਫ਼ਸਲ ਨੁਕਸਾਨੀ
ਮੌਨਸੂਨ ਦੌਰਾਨ ਪਿਛਲੇ ਦਿਨਾਂ ਵਿੱਚ ਪਏ ਮੀਂਹ ਕਾਰਨ ਪਿੰਡ ਰੂਪਵਾਸ ਵਿੱਚ ਕਰੀਬ 800 ਏਕੜ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਗਰਾਮ ਪੰਚਾਇਤ ਰੂਪਵਾਸ ਨੇ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੀ ਮੰਗ ਕਰਦਿਆਂ ਅੱਜ ਨਾਥੂਸਰੀ ਚੌਪਟਾ ਦੇ ਤਹਿਸੀਲਦਾਰ ਅਜੈ ਕੁਮਾਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸਰਪੰਚ ਉਦੈਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਲਗਪਗ 800 ਏਕੜ ਫਸਲ ਡੁੱਬ ਗਈ ਹੈ। ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਆਉਣ ਵਾਲੀ ਫਸਲ ਦੀ ਬਿਜਾਈ ਅਸੰਭਵ ਹੋ ਗਈ ਹੈ। ਇਸ ਦਾ ਕਿਸਾਨਾਂ ਦੀ ਰੋਜ਼ੀ-ਰੋਟੀ ’ਤੇ ਡੂੰਘਾ ਪ੍ਰਭਾਵ ਪਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਆਫ਼ਤ ਨੂੰ ਗੰਭੀਰਤਾ ਨਾਲ ਲੈਣ ਅਤੇ ਪਿੰਡ ਵਿੱਚ ਫੌਰੀ ਸਰਵੇਖਣ ਕਰਕੇ ਰਾਹਤ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸਾਨ ਵਿੱਤੀ ਸੰਕਟ ਵਿੱਚ ਹਨ ਅਤੇ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਗਰਾਮ ਪੰਚਾਇਤ ਵੱਲੋਂ ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਾਣੀ ਦੀ ਨਿਕਾਸੀ ਲਈ ਤੁਰੰਤ ਅਤੇ ਸਥਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਖੇਤ ਸੁੱਕ ਸਕਣ ਅਤੇ ਅਗਲੀ ਫ਼ਸਲ ਦੀ ਤਿਆਰੀ ਸ਼ੁਰੂ ਹੋ ਸਕੇ। ਫ਼ਸਲ ਬੀਮਾ ਦਾਅਵੇ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ। ਜਿਨ੍ਹਾਂ ਕਿਸਾਨਾਂ ਦਾ ਬੀਮਾ ਨਹੀਂ ਹੋਇਆ ਸੀ, ਉਨ੍ਹਾਂ ਦਾ ਡਾਟਾ ਈ-ਪੋਰਟਲ ’ਤੇ ਦਰੁਸਤ ਕੀਤਾ ਜਾਵੇ ਤਾਂ ਜੋ ਉਹ ਸਹਾਇਤਾ ਤੋਂ ਵਾਂਝੇ ਨਾ ਰਹਿਣ। ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਦੀ ਦਰ ਨਾਲ ਮੁਆਵਜ਼ਾ ਦਿੱਤਾ ਅਤੇ ਖੇਤੀਬਾੜੀ ਮਜ਼ਦੂਰਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ। ਇਸ ਮੌਕੇ ਜਗਦੀਸ਼ ਰੂਪਾਪਸ, ਨਰੇਸ਼ ਕੁਮਾਰ, ਚੁੰਨੀ ਲਾਲ, ਵਿਪਿਨ ਕੁਮਾਰ, ਰਾਜਪਾਲ ਸਮੇਤ ਕਈ ਕਿਸਾਨ ਮੌਜੂਦ ਸਨ।