ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 29 ਜੂਨ
ਨਗਰਪਾਲਿਕਾ ਮੰਡੀ ਕਾਲਾਂਵਾਲੀ ਦੀ ਚੋਣ ਸ਼ਾਂਤੀਪੂਰਵਕ ਢੰਗ ਨਾਲ ਹੋਈ। ਇਸ ਚੋਣ ਵਿੱਚ ਲਗਭਗ 77 ਫੀਸਦੀ ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪ੍ਰਸ਼ਾਸਨ ਵੱਲੋਂ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੇਤੇ ਰਹੇ ਕਿ 16 ਵਾਰਡਾਂ ਵਾਲੀ ਇਸ ਨਗਰ ਪਾਲਿਕਾ ਦੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ 10 ਉਮੀਦਵਾਰ ਅਤੇ 14 ਵਾਰਡਾਂ ਦੇ ਨਗਰ ਕੌਂਸਲਰਾਂ ਲਈ 41 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂਕਿ ਵਾਰਡ 12 ਤੋਂ ਅਮਨਦੀਪ ਕੌਰ ਅਤੇ ਵਾਰਡ 15 ਤੋਂ ਹਰਵਿੰਦਰ ਸਿੰਘ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ।
ਨਗਰਪਾਲਿਕਾ ਕਾਲਾਂਵਾਲੀ ਲਈ ਪੋਲਿੰਗ ਸਵੇਰੇ 8 ਵਜੇ ਸ਼ੁਰੂ ਹੋਈ ਜੋ ਸ਼ਾਮ ਦੇ 6 ਵਜੇ ਤੱਕ ਚੱਲੀ। ਸਵੇਰ ਤੋਂ ਹੀ ਵੋਟਰਾਂ ਦੀਆਂ ਪੋਲਿੰਗ ਬੂਥਾਂ ’ਤੇ ਲਾਈਨਾਂ ਲੱਗ ਗਈਆਂ ਸਨ। ਬਾਅਦ ਦੁਪਹਿਰ ਮੀਂਹ ਕਾਰਨ ਪੋਲਿੰਗ ਵਿੱਚ ਵਿਘਨ ਪਿਆ। ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਚੋਣਾਂ ਵਿੱਚ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਚੋਣ ਵਿੱਚ ਨਗਰ ਪਾਲਿਕਾ ਪ੍ਰਧਾਨ ਦੇ ਅਹੁਦੇ ਲਈ ਦਸ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਮਹੇਸ਼ ਝੋਰੜ (ਕਾਂਗਰਸ ਸਮਰਥਿਤ), ਅਜੀਵ ਗਰਗ (ਇਨੈਲੋ ਸਮਰਥਿਤ), ਸੁਨੀਲ ਗਰਗ ਟਿਸ਼ੂ (ਭਾਜਪਾ), ਰਾਣੀ ਦੇਵੀ (ਆਪ), ਚਰਨ ਦਾਸ ਚੰਨੀ (ਆਜ਼ਾਦ), ਸੁਭਾਸ਼ ਗੋਇਲ (ਆਜ਼ਾਦ), ਫੂਲ ਸਿੰਘ ਲੁਹਾਨੀ (ਆਜ਼ਾਦ), ਸੁਨੀਲ ਅਹਿਲਾਵਤ (ਆਜ਼ਾਦ), ਚਰਨਜੀਤ ਸਿੰਘ ਸੋਢੀ (ਆਜ਼ਾਦ) ਤੇ ਮੁਕੇਸ਼ ਰਾਜੋਰੀਆ (ਆਜ਼ਾਦ) ਸ਼ਾਮਲ ਹਨ। ਇਸ ਚੋਣ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਿੱਚ ਰਹਿਣ ਦੀ ਸੰਭਾਵਨਾ ਹੈ।