69ਵੀਆਂ ਸਕੂਲ ਖੇਡਾਂ: ਹਾਕੀ: ਰੂਪਨਗਰ ਤੇ ਫ਼ਰੀਦਕੋਟ ਦੀ ਜੇਤੂ ਸ਼ੁਰੂਆਤ
ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਇੱਥੇ ਸ਼ਾਨਦਾਰ ਢੰਗ ਨਾਲ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਹੋ ਰਹੀਆਂ ਖੇਡਾਂ ਦੇ ਪਹਿਲੇ ਦਿਨ ਉੱਪ ਜ਼ਿਲ੍ਹਾ ਸਿੱਖਿਆ (ਸੈ.ਸਿ) ਬਠਿੰਡਾ ਚਮਕੌਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਦਾ ਅਟੁੱਟ ਹਿੱਸਾ ਹਨ, ਜੋ ਸਾਡੇ ਅੰਦਰ ਅਨੁਸ਼ਾਸਨ, ਸਹਿਯੋਗ ਅਤੇ ਹੌਸਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਾਕੀ ਸਾਡੀ ਰਾਸ਼ਟਰੀ ਖੇਡ ਹੈ ਅਤੇ ਇਸ ਖੇਡ ਨਾਲ ਜੁੜ ਕੇ ਵਿਦਿਆਰਥੀ ਸਿਰਫ ਤੰਦਰੁਸਤ ਹੀ ਨਹੀਂ ਰਹਿੰਦੇ, ਸਗੋਂ ਟੀਮ ਸਪਿਰਿਟ ਅਤੇ ਸਮਰਪਣ ਵੀ ਸਿੱਖਦੇ ਹਨ। ਉਨ੍ਹਾਂ ਆਖਿਆ ਕਿ ਖੇਡਾਂ ਸਾਨੂੰ ਜਿੱਤ ਅਤੇ ਹਾਰ ਦੋਵਾਂ ਨੂੰ ਸਮਝਦਾਰੀ ਨਾਲ ਸਵੀਕਾਰ ਕਰਨਾ ਸਿਖਾਉਂਦੀਆਂ ਹਨ। ਪਹਿਲੇ ਦਿਨ ਖਿਡਾਰੀਆਂ ਨੇ ਜੋਸ਼ ਅਤੇ ਜਜ਼ਬੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦਾ ਪਹਿਲਾ ਮੈਚ ਵਿੱਚ ਤਰਨਤਾਰਨ ਅਤੇ ਰੂਪਨਗਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਰੂਪਨਗਰ ਨੇ ਤਰਨ ਤਾਰਨ ਨੂੰ 2-0 ਦੇ ਫਰਕ ਨਾਲ ਹਰਾਇਆ। ਦੂਜੇ ਮੁਕਾਬਲੇ ਵਿੱਚ ਸੰਗਰੂਰ ਨੇ ਫਿਰੋਜ਼ਪੁਰ ਨੂੰ 5-2 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਨੇ ਜਲੰਧਰ ਨੂੰ 3-2 ਨਾਲ ਹਰਾਇਆ ਅਤੇ ਫ਼ਰੀਦਕੋਟ ਨੇ ਮੋਗਾ ਨੂੰ 5-1 ਨਾਲ ਹਰਾਇਆ।

