ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਿਆ 61 ਸਾਲਾ ਮਾਸਟਰ ਛਿੰਦਰ ਸਿੰਘ
ਪਿੰਡ ਨਕੌੜਾ ਨਿਵਾਸੀ ਮਾਸਟਰ ਛਿੰਦਰ ਸਿੰਘ ਡੱਬਵਾਲੀ ਵਿਚ ਕਰਵਾਈ ਹਾਫ ਮੈਰਾਥਨ ਦੇ 21 ਕਿਲੋਮੀਟਰ ਦੌੜ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਮਾਸਟਰ ਛਿੰਦਰ ਸਿੰਘ ਨੇ 21 ਕਿਲੋਮੀਟਰ ਦੌੜ 96 ਮਿੰਟ ਵਿੱਚ ਪੂਰੀ ਕਰਕੇ ਇਹ ਮੁਕਾਬਲਾ ਜਿੱਤਿਆ। ਛਿੰਦਰ ਸਿੰਘ ਨੇ ਕਿਹਾ ਕਿ ਜੇ ਸਰੀਰ ਨੂੰ ਨਸ਼ਿਆਂ ਤੋਂ ਰਹਿਤ ਰੱਖ ਕੇ ਰੋਜ਼ਾਨਾ ਸਰੀਰਕ ਕਸਰਤ ਵੱਲ ਧਿਆਨ ਦਿੱਤਾ ਜਾਵੇ ਤਾਂ ਹਰ ਉਮਰ ਵਿੱਚ ਅਜਿਹੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਭਾਵੇਂ 61 ਸਾਲ ਦੇ ਹਨ ਪਰ ਆਪਣੇ ਆਪਨੂੰ 18 ਸਾਲ ਦਾ ਮਹਿਸੂਸ ਕਰਦੇ ਹੋਏ ਰੋਜ਼ਾਨਾ 2 ਘੰਟੇ ਗਰਾਊਂਡ ਵਿੱਚ ਅਭਿਆਸ ਕਰਦੇ ਹਨ। ਮਾਸਟਰ ਛਿੰਦਰ ਸਿੰਘ ਕੌਮੀ ਦੌੜ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰ ਚੁੱਕੇ ਹਨ। ਇਸ ਮੈਰਥਨ ਦੌੜ ਵਿੱਚ ਮਾਸਟਰ ਮੁਖਤਿਆਰ ਸਿੰਘ ਅੰਮ੍ਰਿਸਰ ਕਲਾਂ ਨੇ 10 ਕਿਲੋਮੀਟਰ ਦੌੜ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਗੁਰਦੇਵ ਚੈਰੀਟੇਬਲ ਟਰੱਸਟ ਸੰਤਨਗਰ ਦੇ ਅਹੁਦੇਦਾਰਾਂ ਦਵਿੰਦਰ ਸਿੰਘ ਕਾਹਲੋ ਤੇ ਜਤਿੰਦਰ ਸਿੰਘ ਢਿੱਲੋਂ ਨੇ ਜੇਤੂਆਂ ਨੂੰ ਵਧਾਈ ਦਿੰਦਿਆ ਨੌਜਵਾਨਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ।