ਨਸ਼ੇ ਛੱਡ ਇਲੈਕਟ੍ਰੀਸ਼ਨ ਬਣੇ 56 ਨੌਜਵਾਨ
ਇਥੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਜਨੇਰ ਵਿੱਚ 56 ਨੌਜਵਾਨਾਂ ਨੇ ਨਸ਼ੇ ਛੱਡ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਇਹ ਨੌਜਵਾਨ ਇਲੈਕਟ੍ਰੀਸ਼ਨ ਦਾ ਕੋਰਸ ਕਰ ਕੇ ਨਸ਼ੇ ਤੋਂ ਪੀੜਤ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ ਹਨ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਤਿੰਨ ਮਹੀਨਿਆਂ ਦਾ ਕੋਰਸ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ। ਉਨ੍ਹਾਂ ਨੌਜਵਾਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਨਸ਼ੇ ਦੀ ਆਦਤ ਛੱਡਣਾ ਹਿੰਮਤ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਜਨੇਰ ਵਿੱਚ ਹਫ਼ਤਾ ਪਹਿਲਾਂ ਆਰਸੇਟੀ ਜ਼ਰੀਏ 35 ਨੌਜਵਾਨਾਂ ਨੂੰ ਫਾਸਟਫੂਡ ਸਿਖਲਾਈ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਭਵਿੱਖ ਵਿੱਚ ਵੀ ਇਹ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਹੋ ਸਕੇ। ਪੀੜਤ ਨੌਜਵਾਨਾਂ ਦੀ ਜ਼ਿੰਦਗੀ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਿੱਤਾਮੁਖੀ ਕੋਰਸ ਮੁਫ਼ਤ ਕਰਵਾਏ ਜਾ ਰਹੇ ਹਨ। ਇਨ੍ਹਾਂ ਸਿਖਿਆਰਥੀਆਂ ਨੂੰ ਸਵੈ ਰੁਜ਼ਗਾਰ ਇਲੈਕਟ੍ਰੀਸ਼ੀਅਨ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਯੋਗ ਨੌਜਵਾਨਾਂ ਦੀ ਨੌਕਰੀ ਲਈ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਪੂਰੇ ਸਮਾਜ ਦੀ ਤਰੱਕੀ ਵਿਚ ਵੀ ਰੁਕਾਵਟ ਪਾਉਂਦਾ ਹੈ। ਨਸ਼ਾ ਛੱਡਣ ਵਾਲੇ ਕੁਝ ਨੌਜਵਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।