ਮਾਨਸਾ ਨੇੜਲੇ ਪਿੰਡ ਰੱਲਾ ਵਿੱਚ ਅੱਜ ਰਜਬਾਹੇ ਵਿੱਚ ਪਾੜ ਪੈਣ ਤੋਂ ਬਾਅਦ ਕਿਸਾਨਾਂ ਦੀ 50 ਏਕੜ ਤੋਂ ਵੱਧ ਫ਼ਸਲ ’ਚ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਹ ਰਜਬਾਹਾ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਿਆ ਅਤੇ ਇਸ ਦੀ ਹਾਲਤ ਬੇਹੱਦ ਖਸਤਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਹ ਰਜਬਾਹਾ ਕੋਟਲਾ ਬ੍ਰਾਂਚ ’ਚੋਂ ਨਿਕਲ ਕੇ ਪਿੰਡ ਤਾਮਕੋਟ, ਠੂਠਿਆਂਵਾਲੀ ਹੋਕੇ ਅੱਗੇ ਜਾਂਦਾ ਹੈ ਅਤੇ ਇਸ ਦੀ ਮਾੜੀ ਹਾਲਤ ਸਬੰਧੀ ਅਨੇਕਾਂ ਵਾਰ ਉਚ ਅਧਿਕਾਰੀਆਂ ਨੂੰ ਦੱਸਿਆ ਗਿਆ, ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਦੇ ਵੀ ਗੰਭੀਰਤਾ ਨਾਲ ਕਿਸਾਨਾਂ ਦੀ ਤਕਲੀਫ਼ ਨੂੰ ਨਹੀਂ ਵਿਚਾਰਿਆ ਗਿਆ ਹੈ।
ਕਿਸਾਨ ਆਗੂ ਨੇ ਪੀੜਤ ਲੋਕਾਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਰਜਬਾਹਾ ਹੁਣ ਤੱਕ 9-10 ਵਾਰ ਟੁੱਟ ਚੁੱਕਿਆ ਹੈ ਅਤੇ ਹਰ ਵਾਰ ਇਸ ਨੂੰ ਲੋਕਾਂ ਵੱਲੋਂ ਹੀ ਬੰਦ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਦੀ ਫ਼ਸਲ ਦਾ ਲਗਾਤਾਰ ਨੁਕਸਾਨ ਹੁੰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਰਜਬਾਹੇ ਨੂੰ ਕਿਸਾਨਾਂ ਵੱਲੋਂ ਬੰਦ ਕਰਨ ਤੋਂ ਬਾਅਦ ਲਿੱਪ-ਪੋਚੀ ਕਰ ਜਾਂਦੇ ਹਨ, ਪਰ ਕਦੇ ਪੱਕੇ ਮਸਲੇ ਦਾ ਹੱਲ ਨਹੀਂ ਕੀਤਾ ਹੈ।
ਕਿਸਾਨ ਭਰਪੂਰ ਸਿੰਘ, ਕ੍ਰਿਸ਼ਨ ਸਿੰਘ, ਰਾਜ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਰਜਬਾਹਾ ਵਾਰ-ਵਾਰ ਟੁੱਟਣ ਕਾਰਨ ਉਨ੍ਹਾਂ ਦੀ ਫ਼ਸਲ ਬਰਬਾਦ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਕੋਈ ਅਧਿਕਾਰੀ ਰਜਬਾਹਾ ਬੰਦ ਕਰਨ ਲਈ ਨਹੀਂ ਪਹੁੰਚਿਆ, ਹਾਲਾਂਕਿ ਰਜਬਾਹੇ ਦੇ ਟੁੱਟ ਸਬੰਧੀ ਜਾਣਕਾਰੀ ਮਹਿਕਮੇ ਤੱਕ ਪਹੁੰਚਦੀ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਨੇ ਰਜਬਾਹੇ ਟੁੱਟ ਕਾਰਨ ਹੁੰਦੇ ਕਿਸਾਨਾਂ ਦੇ ਨੁਕਸਾਨ ਦਾ ਕਦੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।