ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਕਰਨ ਦੀ ਤਾਕ ਵਿੱਚ ਬੈਠੇ 5 ਨੌਜਵਾਨਾਂ ਨੂੰ ਥਾਣਾ ਸਦਰ ਕੋਟਕਪੂਰਾ ਦੀ ਪੁਲੀਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਤੋਂ ਪੁਲੀਸ ਨੇ ਕਾਪੇ, ਨਲਕੇ ਦੀ ਹੱਥੀ ਅਤੇ ਹੋਰ ਅਜਿਹੇ ਔਜ਼ਾਰ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਇਹ ਲੁੱਟ ਦੀ ਵਾਰਦਾਤ ਕਰਨ ਲਈ ਵਰਤਦੇ ਸਨ। ਇਨ੍ਹਾਂ ਨੌਜਵਾਨਾਂ ਦੀ ਪਛਾਣ ਅਮਰਜੀਤ ਸਿੰਘ ਨਿੱਕਾ, ਮਨਜਿੰਦਰ ਸਿੰਘ ਘੁੱਲਾ, ਬੌਬੀ ਸਿੰਘ, ਸੁਖਵੀਰ ਸਿੰਘ ਸੁੱਖਾ ਅਤੇ ਖੁਸ਼ਕਰਨ ਸਿੰਘ ਖੁਸ਼ ਵਜੋਂ ਹੋਈ ਹੈ। ਪੁਲੀਸ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ।
ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਸੁਖਚੈਨ ਸਿੰਘ ਦੀ ਪੁਲੀਸ ਟੀਮ ਗਸ਼ਤ ’ਤੇ ਸੀ ਤਾਂ ਸੂਚਨਾ ਮਿਲੀ ਕਿ ਪੰਜਗਰਾਈ ਮੱਲਕੇ ਪਿੰਡ ਵਾਲੀ ਲਿੰਕ ਸੜਕ ’ਤੇ ਰੁੱਖਾਂ ਦੀ ਝੁੰਡਾਂ ਵਿੱਚ ਲੁੱਕ ਦੇ 5 ਨੌਜਵਾਨ ਹਥਿਆਰਾਂ ਨਾਲ ਲੈਸ ਬੈਠੇ ਹਨ ਅਤੇ ਕਿਸੇ ਰਾਹਗੀਰ ਨੂੰ ਲੁੱਟਣ ਦੀ ਤਾਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛਾਪਾ ਮਾਰਿਆ ਤਾਂ ਪੰਜੇ ਜਣੇ ਹਥਿਆਰਾਂ ਸਮੇਤ ਕਾਬੂ ਆ ਗਏ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਸਾਰੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਦੇ ਹਨ। ਪੁਲੀਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦਾ ਰਿਮਾਂਡ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਇਨ੍ਹਾਂ ਵੱਲੋਂ ਕੀਤੀਆਂ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਨਸ਼ੇ ਤੇ ਅਪਰਾਧਿਕ ਵਾਰਦਾਤਾਂ ’ਚ ਸ਼ਾਮਲ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।