ਸ਼ਹਿਰ ਵਿੱਚ ਇਕ ਫਰਮ ’ਤੇ ਪੁਲੀਸ ਅਤੇ ਟਾਟਾ ਕੰਪਨੀ ਦੇ ਅਧਿਕਾਰੀਆਂ ਨੇ ਛਾਪਾ ਮਾਰ ਕੇ ਨਕਲੀ ਸਵਾ 4 ਕੁਇੰਟਲ ਟਾਟਾ ਨਮਕ ਫੜਿਆ ਹੈ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਉਸਦੇ ਨਮੂਨੇ ਸਿਹਤ ਵਿਭਾਗ ਨੇ ਜਾਂਚ ਲਈ ਖਰੜ ਲੈਬ ਨੂੰ ਭੇਜ ਦਿੱਤੇ ਹਨ। ਪੁਲੀਸ ਨੇ ਦੁਕਾਨਦਾਰ ਰਾਜ ਕੁਮਾਰ ਵਾਸੀ ਮਾਨਸਾ ਖ਼ਿਲਾਫ਼ ਕਾਪੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਟਾਟਾ ਕੰਪਨੀ ਅਧਿਕਾਰੀਆਂ ਨੂੰ ਸੂਹ ਮਿਲੀ ਕਿ ਸ਼ਹਿਰ ਮਾਨਸਾ ’ਚ ਉਕਤ ਦੁਕਾਨ ’ਚ ਟਾਟਾ ਨਮਕ ਵਾਲੇ ਪੈਕੇਟ ’ਚ ਨਕਲੀ ਲੂਣ ਵੇਚਦਾ ਹੈ। ਉਨ੍ਹਾਂ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੂੰ ਨਾਲ ਲੈ ਕੇ ਉਥੇ ਛਾਪਾ ਮਾਰਿਆ ਤਾਂ ਦੁਕਾਨ ’ਚੋਂ ਵੱਡੀ ਮਾਤਰਾ ’ਚ ਲੂਣ ਦੇ ਟਾਟਾ ਨਮਕ ਵਾਲੇ 17 ਵੱਡੇ ਪੈਕੇਟ ਬਰਾਮਦ ਹੋਏ, ਜਿਸ ਦੀ ਮਾਤਰਾ ਕਰੀਬ ਸਵਾ ਚਾਰ ਕੁਇੰਟਲ ਦੱਸੀ ਗਈ ਹੈ।
ਟਾਟਾ ਕੰਪਨੀ ਦੇ ਫੀਲਡ ਅਫਸਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਹ ਜੋ ਟਾਟਾ ਕੰਪਨੀ ਦਾ ਪੈਕੇਟਾਂ ’ਚ ਭਰਿਆ ਨਮਕ ਫੜਿਆ ਗਿਆ ਹੈ, ਉਹ ਕੰਪਨੀ ਦਾ ਨਹੀਂ ਹੈ, ਇਹ ਕੰਪਨੀ ਦਾ ਮਾਰਕਾ ਲਾਕੇ ਪਿੰਡਾਂ ’ਚ ਟਾਟਾ ਨਮਕ ਦੇ ਨਾਂ ਹੇਠ ਵੇਚਿਆ ਅਤੇ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਨੇ ਹਾਲੇ ਇਹ ਨਹੀਂ ਦੱਸਿਆ ਕਿ ਉਹ ਇਹ ਨਮਕ, ਟਾਟਾ ਦੇ ਪੈਕੇਟ ਖੁਦ ਤਿਆਰ ਕਰਦਾ ਸੀ ਜਾਂ ਇਸ ਨੂੰ ਕਿਸੇ ਤੋਂ ਖਰੀਦਦਾ ਸੀ। ਉਨ੍ਹਾਂ ਕਿਹਾ ਕਿ ਬਰਾਮਦ ਲੂਣ ਦੇ ਨਮੂਨੇ ਭਰਵਾਕੇ ਜਾਂਚ ਲਈ ਭੇਜ ਦਿੱਤੇ ਹਨ।
ਥਾਣਾ ਸਿਟੀ-1 ਮਾਨਸਾ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਨਮਕ ਕਬਜ਼ੇ ’ਚ ਲੈਕੇ ਦੁਕਾਨਦਾਰ ਰਾਜ ਕੁਮਾਰ ਖ਼ਿਲਾਫ਼ ਕਾਪੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਭਰੇ ਗਏ ਨਮੂਨਿਆਂ ਦੀ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।