ਪੰਚਾਇਤ ਸਮਿਤੀ ਚੋਣਾਂ ਲਈ 37 ਨਾਮਜ਼ਦਗੀਆਂ ਦਾਖ਼ਲ
ਜ਼ਿਲ੍ਹਾ ਪਰਿਸ਼ਦ ਦੇ ਕੁੱਲ 15 ਵਿੱਚੋਂ 4 ਜ਼ੋਨਾਂ ਲਈ 4 ਨਾਮਜ਼ਦਗੀਆਂ ਭਰੀਅਾਂ
ਇਥੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਦੂਸਰੇ ਦਿਨ ਜ਼ਿਲ੍ਹਾ ਪਰਿਸ਼ਦ ਦੇ ਕੁੱਲ 15 ਵਿੱਚੋਂ 4 ਜ਼ੋਨਾਂ ਲਈ 4 ਨਾਮਜ਼ਦਗੀਆਂ ਅਤੇ ਪੰਚਾਇਤ ਸਮਿਤੀ ਮੋਗਾ ਦੇ 1 ਜ਼ੋਨ ਲਈ 2 ਨਾਮਜ਼ਦਗੀਆਂ, ਪੰਚਾਇਤ ਸਮਿਤੀ ਬਾਘਾਪੁਰਾਣਾ ਦੇ 10 ਜ਼ੋਨਾਂ ਲਈ 11 ਨਾਮਜ਼ਦਗੀਆਂ, ਪੰਚਾਇਤ ਸਮਿਤੀ ਧਰਮਕੋਟ ਦੇ 10 ਜ਼ੋਨਾਂ ਲਈ 14 ਨਾਮਜ਼ਦਗੀਆਂ, ਪੰਚਾਇਤ ਸੰਮਤੀ ਕੋਟ ਈਸੇ ਖਾਂ; ਦੇ 10 ਜ਼ੋਨਾਂ ਲਈ 10 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਪੰਚਾਇਤ ਸਮਿਤੀ ਨਿਹਾਲ ਸਿੰਘ ਵਾਲਾ ਵਿੱਚ ਦੂਸਰੇ ਦਿਨ ਵੀ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕ 4 ਦਸੰਬਰ ਨਾਮਜ਼ਦਗੀ ਪੱਤਰਾਂ ਦੀ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ ਅਤੇ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਜ਼ਿਲ੍ਹਾ ਮੋਗਾ ਵਿੱਚ ਸਾਰੇ ਪੇਂਡੂ ਖੇਤਰਾਂ ਨੂੰ ਕਵਰ ਕਰਦੇ ਹੋਏ 659 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 564268 ਹੈ, ਜਿਨ੍ਹਾਂ ਵਿੱਚ 302760 ਪੁਰਸ਼, 261698 ਇਸਤਰੀਆਂ ਅਤੇ 6 ਟਰਾਂਸਜੈਂਡਰ ਵੋਟਰ ਹਨ।
ਉਨ੍ਹਾਂ ਦੱਸਿਆ ਕਿ 5 ਦਸੰਬਰ (ਸ਼ੁੱਕਰਵਾਰ) ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ 6 ਦਸੰਬਰ (ਸ਼ਨਿਚਰਵਾਰ) ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 14 ਦਸੰਬਰ (ਐਤਵਾਰ) ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਸਵੇਰੇ 8.00 ਤੋਂ ਸ਼ਾਮ 4.00 ਵਜੇ ਤੱਕ ਵੋਟਿੰਗ ਹੋਵੇਗੀ ਅਤੇ 17 ਦਸੰਬਰ 2025 (ਬੁੱਧਵਾਰ) ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ’ਤੇ ਹੋਵੇਗੀ।
ਪੰਚਾਇਤ ਸਮਿਤੀ ਬਲੂਆਣਾ ਤੋਂ ਇਕ ਨਾਮਜ਼ਦਗੀ ਪੱਤਰ ਦਾਖ਼ਲ
ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 14 ਦਸੰਬਰ 2025 ਨੂੰ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਦੂਜੇ ਦਿਨ ਜ਼ਿਲ੍ਹਾ ਪਰਿਸ਼ਦ ਲਈ ਕੋਈ ਨਾਜ਼ਮਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ ਤੇ ਪੰਚਾਇਤ ਸਮਿਤੀ ਦੀ ਚੋਣਾਂ ਲਈ ਇਕ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਨ੍ਹਾਂ ਚੋਣਾਂ ਲਈ 4 ਦਸੰਬਰ 2025 ਤੱਕ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰ ਸਕਣਗੇ। ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਭਰੇ ਜਾ ਸਕਦੇ ਹਨ।
ਮਮਦੋਟ ’ਚ ਦੂਜੇ ਦਿਨ ਵੀ ਕਿਸੇ ਨੇ ਨਾ ਭਰੇ ਨਾਮਜ਼ਦਗੀ ਪੱਤਰ
ਮਮਦੋਟ (ਜਸਵੰਤ ਸਿੰਘ ਥਿੰਦ): ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ | ਇਸ ਸਬੰਧੀ ਰਿਟਰਨਿੰਗ ਅਧਿਕਾਰੀ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ।

