ਪੰਕਜ ਕੁਮਾਰ
ਅਬੋਹਰ, 31 ਮਈ
ਇੱਥੋਂ ਨੇੜਲੇ ਪਿੰਡ ਮਲੂਕਪੁਰਾ ਵਿੱਚ ਬੀਤੀ ਦੇਰ ਰਾਤ ਨਹਿਰ ਵਿੱਚ ਕਰੀਬ 200 ਫੁੱਟ ਦਾ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ। ਸੂਚਨਾ ਮਿਲਣ ’ਤੇ ਨਹਿਰ ਵਿਭਾਗ ਦੇ ਅਧਿਕਾਰੀ ਅੱਜ ਸਵੇਰੇ ਮੌਕੇ ’ਤੇ ਪਹੁੰਚੇ ਅਤੇ ਨਹਿਰ ਨੂੰ ਬੰਨ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਨੇੜੇ ਜੰਗਲੀ ਸੂਰਾਂ, ਖਰਗੋਸ਼ਾਂ ਅਤੇ ਚੂਹਿਆਂ ਦੇ ਟੋਇਆਂ ਕਾਰਨ ਨਹਿਰ ਵਿੱਚ ਪਾੜ ਪਿਆ ਹੈ। ਇੱਥੋਂ ਦੇ ਕਿਸਾਨ ਜਗਸੀਰ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨਹਿਰ ਬਾਰੇ ਬੇਲਦਾਰ ਨੂੰ ਕਈ ਵਾਰ ਸੂਚਿਤ ਕੀਤਾ ਸੀ।
ਜਾਣਕਾਰੀ ਮੁਤਾਬਕ ਦੇਰ ਰਾਤ ਨਹਿਰ ਵਿੱਚ ਲਗਭਗ 150 ਤੋਂ 200 ਫੁੱਟ ਦਾ ਪਾੜ ਪੈਣ ਕਾਰਨ 1000 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਝੋਨਾ ਲਗਾਉਣਾ ਸੀ। ਖੇਤਾਂ ਵਿੱਚ ਝੋਨੇ ਦੀ ਪਨੀਰੀ ਲਗਾਈ ਗਈ ਸੀ, ਜੋ ਪਾਣੀ ਦੇ ਦਾਖ਼ਲ ਹੋਣ ਕਾਰਨ ਨਸ਼ਟ ਹੋ ਗਈ। ਇਸ ਤੋਂ ਇਲਾਵਾ ਲਗਭਗ 150 ਤੋਂ 200 ਟਿਊਬਵੈੱਲ ਬੋਰ ਵੀ ਪਾਣੀ ਵਿੱਚ ਡੁੱਬ ਗਏ ਹਨ ਅਤੇ ਪਾਣੀ ਕਈ ਘਰਾਂ ਤੱਕ ਵੀ ਪਹੁੰਚ ਗਿਆ ਹੈ। ਇਸ ਨੁਕਸਾਨ ਲਈ ਨਹਿਰੀ ਵਿਭਾਗ ਜ਼ਿੰਮੇਵਾਰ ਹੈ ਅਤੇ ਪ੍ਰਸ਼ਾਸਨ ਨੂੰ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।
ਪਾੜ ਪੂਰਨ ’ਚ ਜੁਟੇ ਮੁਲਾਜ਼ਮ: ਐੱਸਡੀਓ
ਨਹਿਰੀ ਵਿਭਾਗ ਦੇ ਐੱਸ.ਡੀ.ਓ. ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਲਗਭਗ 1 ਵਜੇ ਨਹਿਰ ਟੁੱਟਣ ਦੀ ਸੂਚਨਾ ਮਿਲੀ, ਜਿਸ ’ਤੇ ਉਨ੍ਹਾਂ ਨੇ ਨਹਿਰ ਨੂੰ ਪਿੱਛੇ ਤੋਂ ਬੰਦ ਕਰ ਦਿੱਤਾ ਅਤੇ ਅੱਜ ਸਵੇਰੇ ਵਿਭਾਗ ਦੇ ਕਰਮਚਾਰੀ ਨਹਿਰ ਵਿੱਚ ਪਏ ਪਾੜ ਨੂੰ ਭਰਨ ਲਈ ਪਹੁੰਚ ਗਏ ਹਨ। ਜਲਦੀ ਹੀ ਨਹਿਰ ਵਿੱਚ ਬੰਨ੍ਹ ਭਰ ਦਿੱਤਾ ਜਾਵੇਗਾ।
ਨਹਿਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਐ: ਜਾਖੜ
ਅਬੋਹਰ: ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਅਬੋਹਰ ਇਲਾਕੇ ਵਿੱਚ ਨਹਿਰਾਂ ਵਾਰ-ਵਾਰ ਟੁੱਟ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸੰਦੀਪ ਜਾਖੜ ਨੇ ਦੱਸਿਆ ਕਿ ਅੱਜ ਫਿਰ ਮਲੂਕਪੁਰ ਡਿਸਟ੍ਰੀਬਿਊਟਰਸ਼ਿਪ ਟੁੱਟ ਗਈ, ਜਿਸ ਕਾਰਨ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਅਬੋਹਰ ਸਿਸਟਮ ਵਿੱਚ ਨਹਿਰਾਂ ਦੇ ਟੁੱਟਣ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ, ਨਹਿਰਾਂ ਦੇ ਟੁੱਟਣ ਦੀਆਂ ਘਟਨਾਵਾਂ ਪਹਿਲਾਂ ਕਦੇ ਇੰਨੀਆਂ ਵਾਰ ਨਹੀਂ ਵੇਖੀਆਂ ਗਈਆਂ। ਉਨ੍ਹਾਂ ਮੰਤਰੀ ਬਰਿੰਦਰ ਗੋਇਲ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਅਣਗੌਲਿਆ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। -ਪੱਤਰ ਪ੍ਰੇਰਕ