ਵਾੜਾ ਕਾਲੀ ਰਾਓ ਤੇ ਵਾੜਾ ਸੁਲੇਮਾਨ ’ਚ 150 ਕੁਇੰਟਲ ਪਸ਼ੂਆਂ ਦਾ ਚਾਰਾ ਵੰਡਿਆ
ਸਮਾਜ ਸੇਵੀ ਡਾ: ਐਸ ਪੀ ਸਿੰਘ ਉਬਰਾਏ ਵੱਲੋਂ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਵਾੜਾ ਕਾਲੀ ਰਾਓ ਅਤੇ ਵਾੜਾ ਸੁਲੇਮਾਨ ਮੱਖੂ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 150 ਕੁਇੰਟਲ ਚਾਰਾ ਮੱਕੀ ਦਾ ਅਚਾਰ ਵੰਡਿਆ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ, ਐਸਡੀਐਮ ਜ਼ੀਰਾ ਅਰਵਿੰਦਰ ਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਵੀ ਮੌਜੂਦ ਸਨ। ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਵਾੜਾ ਕਾਲੀ ਰਾਓ ਵਿੱਚ ਦਰਿਆ ਦੇ ਪਾਣੀ ਨੇ ਬਹੁਤ ਭਾਰੀ ਢਾਹ ਲਗਾਈ ਹੈ। ਜ਼ਿਲ੍ਹਾ ਮੀਤ ਪ੍ਰਧਾਨ ਨੇ ਦੱਸਿਆ ਕਿ ਪੀੜਤ ਲੋਕਾਂ ਵੱਲੋਂ ਪਸ਼ੂਆਂ ਦੇ ਚਾਰੇ ਦੀ ਮੰਗ ਕੀਤੀ ਗਈ ਸੀ, ਜੋ ਤੁਰੰਤ ਪਹੁੰਚਾਇਆ ਗਿਆ। ਉਹਨਾਂ ਕਿਹਾ ਕਿ ਟਰੱਸਟ ਵੱਲੋਂ ਪਸ਼ੂਆਂ ਦੇ ਚਾਰੇ ਦੀ ਨਿਰੰਤਰ ਸੇਵਾ ਜਾਰੀ ਰਹੇਗੀ ਅਤੇ ਡਾ: ਓਬਰਾਏ ਵੱਲੋਂ ਕਿਹਾ ਗਿਆ ਹੈ ਕੋਈ ਵੀ ਪਸ਼ੂ ਭੁੱਖਾ ਨਹੀਂ ਰਹਿਣਾ ਚਾਹੀਦਾ। ਟਰੱਸਟ ਦੀਆਂ ਟੀਮਾਂ ਵੱਲੋਂ ਸਰਵੇ ਕਰਕੇ ਸੁੱਕੇ ਰਾਸ਼ਨ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਤਰਪਾਲਾਂ ਤੇ ਮੱਛਰਦਾਨੀਆਂ ਵੀ ਵੰਡੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਸੁਚੱਜੇ ਢੰਗ ਨਾਲ ਲੋੜਵੰਦਾਂ ਤੱਕ ਹਰ ਤਰ੍ਹਾਂ ਦੀ ਸਮੱਗਰੀ ਪਹੁੰਚਾਈ ਜਾ ਰਹੀ ਹੈ। ਹੜ੍ਹ ਪੀੜਤ ਲੋਕਾਂ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਲੋੜ ਪਸ਼ੂਆਂ ਲਈ ਚਾਰੇ ਦੀ ਹੈ, ਜਿਸਨੂੰ ਪੂਰਾ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੱਡਾ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਤਹਿਸੀਲਦਾਰ ਸਤਵਿੰਦਰ ਸਿੰਘ, ਨਾਇਬ ਤਹਿਸੀਲਦਾਰ ਮਲੂਕ ਸਿੰਘ ਅਤੇ ਮਹਾਂਵੀਰ ਸਿੰਘ ਹਾਜ਼ਰ ਸਨ।