ਨਸ਼ਾ ਤਸਕਰ ਦੀ ਉਸਾਰੀ ’ਤੇ ਪੀਲਾ ਪੰਜਾ ਚਲਾਇਆ
ਜ਼ਿਲ੍ਹਾ ਪੁਲੀਸ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਕਸਬਾ ਕਸਬਾ ਚੋਹਲਾ ਸਾਹਿਬ ਦੇ ਵਾਸੀ ਨਸ਼ਾ ਤਸਕਰ ਸੁਖਚੈਨ ਸਿੰਘ ਵੱਲੋਂ ਗੈਰਕਾਨੂੰਨੀ ਢੰਗ ਨਾਲ ਬਣਾਏ ਘਰ ’ਤੇ ਪੀਲਾ ਪੰਜਾ ਚਲਾ ਦਿੱਤਾ| ਪੁਲੀਸ ਫੋਰਸ ਵੱਲੋਂ ਕੀਤੀ ਇਸ ਕਾਰਵਾਈ ਦੀ ਅਗਵਾਈ ਐੱਸਐੱਸਪੀ ਦੀਪਕ ਪਾਰਿਕ ਨੇ ਕੀਤੀ| ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਚੈਨ ਸਿੰਘ ਬੀਤੇ ਸਮੇਂ ਤੋਂ ਨਸ਼ਿਆਂ ਦਾ ਧੰਦਾ ਕਰਦਾ ਆ ਰਿਹਾ ਸੀ| ਉਹ ਇਸ ਵੇਲੇ ਕੇਂਦਰ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ| ਉਸ ਖਿਲਾਫ਼ ਨਸ਼ਿਆਂ ਦਾ ਕਰੋਬਾਰ ਕਰਨ ’ਤੇ 12 ਮਾਮਲੇ ਦਰਜ ਹਨ| ਐੱਸਐੱਸਪੀ ਨੇ ਕਿਹਾ ਕਿ ਸੁਖਚੈਨ ਸਿੰਘ ਦਾ ਸਾਰਾ ਪਰਿਵਾਰ ਹੀ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ| ਉਸ ਦੀ ਮਾਤਾ ਧਰਮ ਕੌਰ ਧਰਮੀ ਖਿਲਾਫ਼ ਵੀ ਸੱਤ ਮਾਮਲੇ ਦਰਜ ਹਨ ਅਤੇ ਉਹ ਕੇਂਦਰ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ| ਸੁਖਚੈਨ ਦੀ ਪਤਨੀ ਗੁਰਪ੍ਰੀਤ ਕੌਰ ਵਿਰੁੱਧ ਨਸ਼ਿਆਂ ਦਾ ਧੰਦਾ ਕਰਨ ਦੇ ਦੋਸ਼ ਅਧੀਨ ਦੋ ਮਾਮਲੇ ਦਰਜ ਹਨ| ਐੱਸ ਐੱਸ ਪੀ ਦੀਪਕ ਪਾਰਿਕ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਇਸ ਕੰਮ ਤੋਂ ਬਾਜ ਆਉਣ ਦੀ ਚਿਤਾਵਨੀ ਦੇਣ ਲਈ ਕਾਫੀ ਮਦਦਗਾਰ ਸਾਬਤ ਹੋ ਰਹੀ ਹੈ|