ਬੱਚੇ ਦੀ ਮੌਤ ਦੇ ਮਾਮਲੇ ਵਿੱਚ ਔਰਤ ਗ੍ਰਿਫ਼ਤਾਰ
ਸਵਾ ਦੋ ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਘੁੰਮਣ ਕਲਾਂ ਦੀ ਪੁਲੀਸ ਨੇ ਔਰਤ ਵਿਰੁੱਧ ਧਾਰਾ 302 ਆਈਪੀਸੀ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਬੱਚੇ ਦੀ ਦਾਦੀ ਕੁਲਵਿੰਦਰ ਵਾਸੀ ਲਾਲੋਵਾਲ ਨੇ ਪੁਲੀਸ ਨੂੰ ਲਿਖਤੀ ਦਰਖਾਸਤ ਰਾਹੀਂ ਦੱਸਿਆ ਕਿ ਉਸ ਦਾ 2 ਸਾਲ 3 ਮਹੀਨੇ ਦਾ ਪੋਤਰਾ ਜੈਕਬ ਪੁੱਤਰ ਲਵ ਸਿੰਘ ਲੰਘੇ ਸ਼ੁੱਕਰਵਾਰ ਸਵੇਰੇ ਖੇਡਣ ਵਾਸਤੇ ਗਲੀ ਵਿੱਚ ਚਲਾ ਗਿਆ ਸੀ। ਕਰੀਬ 10/15 ਮਿੰਟ ਬਾਅਦ ਉਹ ਆਪਣੇ ਪੋਤਰੇ ਨੂੰ ਲੱਭਦੀ ਲੱਭਦੀ ਗਲੀ ਵਿੱਚ ਪੈਂਦੇ ਮੰਗੋ ਦੇ ਘਰ ਗਈ ਤਾਂ ਵੇਖਿਆ ਕਿ ਮੰਗੋ ਉਸ ਦੇ ਪੋਤਰੇ ਜੈਕਬ ਨੂੰ ਗਿਲਾਸ ਨਾਲ ਕੋਈ ਚੀਜ਼ ਪਿਆ ਰਹੀ ਸੀ। ਉਸ ਦੇ ਪੁੱਛਣ ’ਤੇ ਮੰਗੋ ਨੇ ਕਿਹਾ ਕਿ ਉਹ ਕਾਹਵਾ ਪਿਆ ਰਹੀ ਸੀ ਤਾਂ ਉਹ ਪੋਤਰੇ ਨੂੰ ਆਪਣੇ ਘਰ ਲੈ ਆਈ ਅਤੇ ਥੋੜ੍ਹੀ ਦੇਰ ਬਾਅਦ ਜੈਕਬ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਧਾਰੀਵਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਥਾਣਾ ਘੁੰਮਣ ਕਲਾਂ ਦੇ ਮੁਖੀ ਜਗਦੀਸ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕੁਲਵਿੰਦਰ ਦੇ ਬਿਆਨਾਂ ਅਨੁਸਾਰ ਮੰਗੋ ਵਿਰੁੱਧ ਧਾਰਾ 302 ਆਈਪੀਸੀ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।