ਲੋਕਲ ਕਮਿਸ਼ਨ ਦੀ ਰਿਪੋਰਟ ’ਤੇ ਕਾਰਵਾਈ ਕਰਵਾਉਣ ਲਈ ਰਾਜਪਾਲ ਨੂੰ ਮਿਲਾਂਗੇ: ਚੇਅਰਮੈਨ ਗਿੱਲ
ਘੱਟ ਗਿਣਤੀ ਲੋਕ ਭਲਾਈ ਸੰਸਥਾ ਵੱਲੋਂ ਨੀਮ ਪਹਾੜੀ ਬਲਾਕ ਧਾਰਕਲਾਂ ਦੇ ਪਿੰਡ ਕੋਟ ਦੇ ਲਾਂਘੇ ’ਤੇ ਕੀਤੇ ਜਬਰੀ ਲਾਂਘੇ ਨੂੰ ਖੁੱਲ੍ਹਵਾਉਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਚੇਅਰਮੈਨ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਕੋਟ ਵਿਖੇ ਜੰਝ ਘਰ ਅਤੇ ਆਬਾਦੀ ਨੂੰ ਲੱਗਦੇ ਕੱਚੇ ਜਨਤਕ ਰਸਤੇ ਉਪਰ ਕੁਝ ਵਿਅਕਤੀਆਂ ਨੇ ਜਬਰੀ ਕਬਜ਼ਾ ਕਰ ਰੱਖਿਆ ਹੈ ਅਤੇ ਉਥੇ ਕੰਡਿਆਲੀ ਤਾਰ ਲਗਾ ਦੇਣ ਨਾਲ ਆਵਾਜਾਈ ਬੰਦ ਹੋ ਗਈ ਹੈ ਜਿਸ ਨਾਲ ਆਬਾਦੀ ਦੇ ਲੋਕਾਂ ਨੂੰ ਉਥੋਂ ਲੰਘਣ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਕਬਾ ਪੰਜ ਕਨਾਲ ਪੰਜ ਮਰਲੇ ਬਣਦਾ ਹੈ ਜੋ ਕਿ ਰਣਜੀਤ ਸਾਗਰ ਡੈਮ ਦੀ ਮਾਲਕੀ ਵਾਲਾ ਹੈ। ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਜਦ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਨੂੰ ਕੀਤੀ ਤਾਂ ਡੈਮ ਦੇ ਅਧਿਕਾਰੀਆਂ ਨੇ ਕਬਜ਼ਾਧਾਰੀਆਂ ਨੂੰ ਨੋਟਿਸ ਵੀ ਦਿੱਤਾ ਕਿ ਕਬਜ਼ਾ ਛੱਡ ਦਿੱਤਾ ਜਾਵੇ ਨਹੀਂ ਤਾਂ ਇਹ ਕਬਜ਼ਾ ਪੁਲੀਸ ਰਾਹੀਂ ਛੁਡਵਾ ਲਿਆ ਜਾਵੇਗਾ ਪਰ ਕਬਜ਼ਾਧਾਰੀ ਟੱਸ ਤੋਂ ਮੱਸ ਨਾ ਹੋਏ। ਅਖੀਰ ਇਹ ਮਾਮਲਾ ਪਠਾਨਕੋਟ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਚਲਾ ਗਿਆ ਅਤੇ ਸੈਸ਼ਨ ਜੱਜ ਨੇ ਸੇਵਾ ਮੁਕਤ ਨਾਇਬ ਤਹਿਸੀਲਦਾਰ ਇੰਦਰਜੀਤ ਨੂੰ ਲੋਕਲ ਕਮਿਸ਼ਨ ਨਿਯੁਕਤ ਕਰ ਦਿੱਤਾ ਕਿ ਮੌਕਾ ਦੇਖ ਕੇ ਅਤੇ ਨਿਸ਼ਾਨਦੇਹੀ ਕਰਵਾ ਕੇ ਇਸ ਦੀ ਅਸਲ ਰਿਪੋਰਟ ਪੇਸ਼ ਕੀਤੀ ਜਾਵੇ। ਉਕਤ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਹੈ ਕਿ ਰਣਜੀਤ ਸਾਗਰ ਡੈਮ ਦੀ ਜ਼ਮੀਨ ਉਪਰ ਕਬਜ਼ਾਧਾਰੀਆਂ ਨੇ ਕਬਜ਼ਾ ਕਰ ਰੱਖਿਆ ਹੈ ਜਦ ਕਿ ਇਸ ਜ਼ਮੀਨ ਉਪਰ ਕਬਜ਼ਾਧਾਰਕਾਂ ਦਾ ਕੋਈ ਵੀ ਕਾਨੂੰਨੀ ਹੱਕ ਨਹੀਂ ਹੈ। ਕਬਜ਼ਾਧਾਰੀ ਜਾਣ ਬੁੱਝ ਕੇ ਰਸਤਾ ਬੰਦ ਰੱਖ ਕੇ ਝਗੜਾ ਪੈਦਾ ਕਰਨਾ ਚਾਹੁੰਦੇ ਹਨ। ਇਸ ਲਈ ਕਬਜ਼ਾਧਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਕੰਡਿਆਲੀ ਤਾਰ ਹਟਾ ਕੇ ਰਸਤਾ ਖੋਲ੍ਹ ਦੇਣ ਤਾਂ ਜੋ ਪਿੰਡ ਵਾਸੀਆਂ ਨੂੰ ਰਸਤਾ ਖੋਲ੍ਹਣ ਨਾਲ ਰਾਹਤ ਮਿਲ ਸਕੇ।