ਬਿਆਸ ਤੇ ਸਤੁਲਜ ਦਰਿਆਵਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ
ਜ਼ਿਲ੍ਹੇ ਅੰਦਰ ਬਿਆਸ ਅਤੇ ਸਤੁਲਜ ਦਰਿਆਵਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਜਾ ਪੁੱਜਾ ਹੈ ਅਤੇ ਇਸ ਦੇ ਛੇਤੀ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਦਿਸ ਰਹੀ। ਇਸ ਸਬੰਧੀ ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਹਰੀਕੇ ਤੋਂ ਸਤਿਲੁਜ ਦਰਿਆ ਡਾਊਨ ਸਟਰੀਮ ਨੂੰ ਅੱਜ ਪਾਣੀ 90000 ਕਿਊਸਿਕ ਵਹਿ ਰਿਹਾ ਹੈ ਜਦਕਿ ਅੱਪ ਸਟਰੀਮ ਵਿੱਚ ਬਿਆਸ ਦਰਿਆ ਵਿੱਚ 1.5 ਲੱਖ ਕਿਊਸਿਕ ਚੱਲ ਰਿਹਾ ਹੈ| ਇਹ ਪੱਧਰ ’ਤੇ ਚਲਦਿਆਂ ਬਿਆਸ ਅਤੇ ਸਤਲੁਜ ਦੋਵੇਂ ਦਰਿਆ ਭਰ ਕੇ ਚਲੇ ਰਹੇ ਹਨ। ਇਸ ਨਾਲ ਅੱਪ ਸਟੀਮ ਦੇ ਪਿੰਡ ਭਲੋਜਲਾ ਤੋਂ ਲੈ ਕੇ ਹਰੀਕੇ ਅਤੇ ਡਾਊਨ ਸਟੀਮ ਦੇ ਪਿੰਡ ਹਰੀਕੇ ਤੋਂ ਘੜੂੰਮ, ਕੁਤੀਵਾਲਾ, ਸਭਰਾ, ਡੁਮਣੀਵਾਲਾ, ਸੀਤੋ ਮਹਿ ਝੁੱਗੀਆਂ, ਰਾਧਲਕੇ, ਤੂਤ, ਮੁੱਠਿਆਂਵਾਲਾ ਆਦਿ 40 ਪਿੰਡਾਂ ਦੀ 20,000 ਏਕੜ ਖੜੀਆਂ ਫਸਲਾਂ ਬੀਤੇ ਕਰੀਬ 10 ਦਿਨ ਤੋਂ ਪਾਣੀ ਦੀ ਮਾਰ ਹੇਠ ਹਨ। ਇਲਾਕੇ ਦੇ ਪਿੰਡ ਤੂਤ ਦੇ ਕਿਸਾਨ ਮਹਾਵੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਇਲਾਕੇ ਅੰਦਰ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਤੱਕ ਦੇ ਵੀ ਹੁਕਮ ਨਹੀਂ ਕੀਤੇ। ਇਲਾਕੇ ਦੇ ਪਿੰਡ ਰਾਧਲਕੇ ਦਾ ਇਕ ਕਿਸਾਨ ਮੰਡ ਅੰਦਰ ਬੀਤੇ ਦੋ ਹਫਤਿਆਂ ਤੋਂ ਉੱਚੇ ਥਾਂ ’ਤੇ ਪਰਿਵਾਰ ਸਣੇ ਸ਼ਰਨ ਲਈ ਬੈਠੇ ਨੇ ਆਪਣੇ ਜੀਆਂ ਨੂੰ ਦਰਿਆ ਤੋਂ ਬਾਹਰ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਰਾਹਲ ਨੇ ਕਿਹਾ ਕਿ ਦੋ ਦਿਨ ਪਹਿਲਾਂ ਦਾ ਹੀ ਦਰਿਆਵਾਂ ਦੇ ਪਾਣੀ ਦੇ ਖਤਰੇ ਤੋਂ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਹੈ। ਮੁੰਡਾ ਪਿੰਡ ਦੇ ਕਿਸਾਨ ਦਾਰਾ ਸਿੰਘ ਨੇ ਪੀੜਤ ਕਿਸਾਨਾਂ ਨੂੰ ਅੱਜ ਤੱਕ ਕਿਸੇ ਕਿਸਮ ਦੀ ਰਾਹਤ ਸਮਗਰੀ ਨਾ ਪਹੁੰਚਾਉਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ|