ਹਰਚੋਵਾਲ ਨਹਿਰ ’ਚ ਪਾੜ ਪੈਣ ਕਾਰਨ ਖੇਤਾਂ ’ਚ ਪਾਣੀ ਭਰਿਆ
ਮਕਬੂਲ ਅਹਿਮਦ
ਕਾਦੀਆਂ, 23 ਜੂਨ
ਹਰਚੋਵਾਲ ਵਿੱਚ ਨਹਿਰ ਟੁੱਟਣ ਕਾਰਨ ਦਰਜਨਾਂ ਤੋਂ ਵੱਧ ਕਿਸਾਨਾਂ ਦਾ ਭਾਰੀ ਹੋਇਆ ਨੁਕਸਾਨ ਹੋਇਆ। ਖੇਤਾਂ ਵਿੱਚ ਰੇਤ ਭਰ ਜਾਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੁਗਲਵਾਲ ਹੈੱਡ ਤੋਂ ਨਿਕਲਦੀ ਨਹਿਰ ਹਰਚੋਵਾਲ ਤੋਂ ਵੱਖ ਵੱਖ ਪਿੰਡਾਂ ਨੂੰ ਖੇਤਾਂ ਨੂੰ ਸਿੰਜਦੀ ਹੈ। ਅੱਜ ਦੁਪਿਹਰ ਵੇਲੇ ਅਚਾਨਕ ਨਹਿਰ ’ਚ ਵੱਡਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਫ਼ਸਲ ਖਰਾਬ ਹੋ ਗਈ।
ਖੇਤਾਂ ਵਿੱਚ ਨਹਿਰੀ ਪਾਣੀ ਨਾਲ ਰੁੜ ਕੇ ਆਈ ਦੋ ਫੁੱਟ ਤੋਂ ਵੱਧ ਰੇਤ ਚੜ ਗਈ। ਕਿਸਾਨ ਦਲੇਰ ਸਿੰਘ ਅਤੇ ਮਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਠੇਕੇ ’ਤੇ ਜ਼ਮੀਨ ਲੈ ਕੇ ਝੋਨੇ ਦੀ ਬਿਜਾਈ ਕੀਤੀ ਸੀ। ਇਸ ਤੋਂ ਇਲਾਵਾ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਅਤੇ ਖਾਦ ਪਾ ਕੇ ਖੇਤਾਂ ਵਿੱਚ ਬਿਜਾਈ ਕੀਤੀ ਗਈ, ਜਿਸ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਹਰ ਸਾਲ ਸੀਜ਼ਨ ਦੌਰਾਨ ਇਹ ਨਹਿਰ ਟੁੱਟ ਜਾਦੀ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ, ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਕੋਲੋਂ ਨੁਕਸਾਨੀ ਫ਼ਸਲ ਦੀ ਗਿਦਵਾਰੀ ਕਰਵਾ ਕੇ ਢੁੱਕਵਾਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ।
ਨਹਿਰੀ ਵਿਭਾਗ ਦੇ ਅਧਿਕਾਰੀ ਨੇ ਇਸ ਸਬੰਧੀ ਗੱਲਬਾਤ ਕਰਨ ’ਤੇ ਆਖਿਆ ਕਿ ਉਨ੍ਹਾਂ ਨਹਿਰ ਦਾ ਪਾਣੀ ਘਟਾ ਕੇ ਨਹਿਰ ’ਚ ਪਏ ਪਾੜ ਨੂੰ ਬੰਦ ਕਰਨ ਲਈ ਮਜ਼ਦੂਰਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾ ਦਿੱਤਾ ਹੈ ਅਤੇ ਜਲਦੀ ਪਾੜ ਪੂਰ ਕੇ ਮੁੜ ਪਾਣੀ ਛੱਡ ਦਿੱਤਾ ਜਾਵੇਗਾ।