ਸੁਜਾਨਪੁਰ ਵਿੱਚ ਦੀਵਾਲੀ ਵਾਲੇ ਦਿਨ ਬੰਦ ਪਏ ਇੱਕ ਘਰ ਵਿੱਚੋਂ ਜਦੋਂ ਧੂੰਆਂ ਨਿਕਲਦਾ ਦੇਖਿਆ ਗਿਆ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ। ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦੇ ਚੇਅਰਮੈਨ ਸੁਰਿੰਦਰ ਮਨਹਾਸ ਨੇ ਦੱਸਿਆ ਕਿ ਸਲਾਰੀਆ ਮੁਹੱਲੇ ਵਿੱਚ ਉਨ੍ਹਾਂ ਦੇ ਘਰ ਦੇ ਸਾਹਮਣੇ ਸ਼ਸ਼ੀ ਕੁਮਾਰ ਦਾ ਘਰ ਬੰਦ ਪਿਆ ਹੋਇਆ ਹੈ ਅਤੇ ਵਿਹੜੇ ਵਿੱਚ ਵਾਸ਼ਿੰਗ ਮਸ਼ੀਨ ਪਈ ਹੋਈ ਸੀ, ਜਿਸ ਵਿੱਚ ਹਵਾਈ ਡਿੱਗਣ ਨਾਲ ਵਾਸ਼ਿੰਗ ਮਸ਼ੀਨ ਨੂੰ ਅੱਗ ਲੱਗ ਗਈ। ਇਸ ਦਾ ਧੂੰਆਂ ਪੂਰੀ ਤਰ੍ਹਾਂ ਫੈਲ ਗਿਆ, ਜਿਸ ਤੇ ਇਕੱਠੇ ਹੋਏ ਮੁਹੱਲੇ ਦੇ ਵਸਨੀਕਾਂ ਨੇ ਪਾਣੀ ਦੀਆਂ ਬਾਲਟੀਆਂ ਸੁੱਟ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਇਹ ਘਰ ਕਾਫ਼ੀ ਸਮੇਂ ਤੋਂ ਬੰਦ ਸੀ ਅਤੇ ਹੋਰ ਕੋਈ ਨੁਕਸਾਨ ਨਹੀਂ ਹੋਇਆ। ਇਸ ਤਰ੍ਹਾਂ ਦੀਵਾਲੀ ’ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।