ਫ਼ਿਰੌਤੀ ਮੰਗਣ ਵਾਲਿਆਂ ਖ਼ਿਲਾਫ਼ ਡਟੇ ਪਿੰਡ ਵਾਸੀ
ਲੋਕਾਂ ਨੇ ਇਲਾਕੇ ਦੇ ਕਾਰੋਬਾਰੀ ਤੋਂ ਫ਼ਿਰੌਤੀ ਮੰਗਣ ਵਾਲੇ ਖਿਲਾਫ਼ ਹਥਿਆਰਬੰਦ ਹੋ ਕੇ ਖੁਦ ਪਹਿਰਾ ਦੇਣ ਦਾ ਫੈਸਲਾ ਲਿਆ ਹੈ| ਇਲਾਕੇ ਦੇ ਪਿੰਡ ਠਰੂ ਦੇ ਇਕ ਵਾਸੀ ਕਾਰੋਬਾਰੀ ਰਣਜੀਤ ਸਿੰਘ ਸੰਧੂ (ਠਰੂ) ਦੇ ਲੜਕੇ ਤੋਂ ਕੁਝ ਦਿਨ ਪਹਿਲਾਂ 10 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਪੂਰੀ ਨਾ ਕਰਨ ’ਤੇ ਗੈਂਗਸਟਰ ਹਰੀ ਬਾਕਸਰ ਵਲੋਂ ਧਮਕੀ ਦਿੱਤੀ ਗਈ ਹੈ| ਇਲਾਕਾ ਵਾਸੀਆਂ ਨੇ ਇਸ ਚੁਣੌਤੀ ਦਾ ਇਕਜੁੱਟ ਹੋ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਹੈ| ਇਸ ਸਬੰਧੀ ਅੱਜ ਕਾਰੋਬਾਰੀ ਰਣਜੀਤ ਸਿੰਘ ਠਰੂ ਦੇ ਦਫਤਰ ਵਿਖੇ ਇਲਾਕੇ ਭਰ ਤੋਂ ਉਸ ਦੇ ਸਮਰਥਕਾਂ ਨੇ ਇਕੱਤਰ ਹੋ ਕੇ ਗੈਂਗਸਟਰ ਹਰੀ ਬਾਕਸਰ ਨੂੰ ਬਾਜ਼ ਆਉਣ ਲਈ ਕਿਹਾ ਹੈ| ਕਾਰੋਬਾਰੀ ਰਣਜੀਤ ਸਿੰਘ ਠਰੂ ਨਾਲ ਇਲਾਕੇ ਦੇ ਪਿੰਡ ਠੱਠਾ, ਖਾਰਾ, ਦੋਬੁਰਜੀ, ਨੂਰਦੀ, ਜੌਹਲ ਰਾਜੂ ਸਿੰਘ, ਲਾਲੂ ਘੁੰਮਣ ਆਦਿ ਦੇ ਪਿੰਡਾਂ ਦੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਹਥਿਆਰਾਂ ਨਾਲ ਰਾਤ ਦਿਨ ਉਨ੍ਹਾਂ ਦੀ ਰਿਹਾਇਸ਼ ਆਦਿ ’ਤੇ ਪਹਿਰਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ| ਰਣਜੀਤ ਸਿੰਘ ਠਰੂ ਜਿਥੇ ਪੁਰਖਿਆਂ ਤੋਂ ਕਾਰੋਬਾਰੀ ਹੈ ਉਥੇ ਉਹ ਖੁਦ ਪਿੰਡ ਦੇ ਗੁਰਦੁਆਰੇ ਦਾ ਸੇਵਾਦਾਰ ਹੈ ਤਾਂ ਉਸ ਦਾ ਇਕ ਲੜਕਾ ਪਿੰਡ ਠਰੂ ਦਾ ਸਾਬਕਾ ਸਰਪੰਚ ਹੈ ਅਤੇ ਦੂਸਰਾ ਲੜਕਾ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਹੈ| ਇਸੇ ਕਰਕੇ ਉਨ੍ਹਾਂ ਦਾ ਇਲਾਕੇ ਅੰਦਰ ਚੋਖਾ ਅਸਰ ਰਸੂਖ ਹੈ|