ਕਪੂਰਥਲਾ ਨੇੜੇ ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਵਾਹਨਾਂ ਦੀ ਟੱਕਰ; ਤਿੰਨ ਮੌਤਾਂ, 15 ਜ਼ਖ਼ਮੀ
ਹਾਈਵੇਅ ’ਤੇ ਢਿੱਲਵਾਂ ਟੌਲ ਪਲਾਜ਼ਾ ਤੋਂ ਪਹਿਲਾਂ ਵਾਪਰਿਆ ਹਾਦਸਾ; ਅਰਟਿਗਾ ਗੱਡੀ ਪੁਲ ਤੋਂ ਹੇਠਾਂ ਡਿੱਗੀ; ਜ਼ਖ਼ਮੀ ਬਿਆਸ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ
ਅਸ਼ੋਕ ਕੌੜਾ
ਫਗਵਾੜਾ, 28 ਜੂਨ
ਇਥੇ ਜਲੰਧਰ-ਅੰਮ੍ਰਿਤਸਰ ਹਾਈਵੇ ਉੱਤੇ ਅੱਜ ਸਵੇਰੇ ਗੁਡਾਨਾ ਪੁਲ ਨੇੜੇ ਤੇ ਢਿੱਲਵਾਂ ਟੌਲ ਪਲਾਜ਼ਾ ਤੋਂ ਐਨ ਪਹਿਲਾਂ ਅਰਟਿਗਾ ਗੱਡੀ ਦੇ ਚਾਰ ਪਹੀਆ ਵਾਹਨ ਨਾਲ ਟਕਰਾਉਣ ਕਰਕੇ ਦੋ ਮਹਿਲਾਵਾਂ ਸਣੇ ਤਿੰੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 14 ਤੋਂ 15 ਵਿਅਕਤੀ ਹੋਰ ਜ਼ਖ਼ਮੀ ਦੱਸਦੇ ਜਾਂਦੇ ਹਨ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਇਹ ਘਟਨਾ ਸਵੇਰੇ 5:00 ਵਜੇ ਦੇ ਕਰੀਬ ਵਾਪਰੀ ਜਦੋਂ ਇੱਕ ਰਾਹਗੀਰ ਨੇ ਹਾਈਵੇਅ ’ਤੇ ਵੱਡੇ ਹਾਦਸੇ ਬਾਰੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਦਿਆਲਪੁਰ-ਬਿਆਸ ਰੂਟ ਨੰਬਰ 52902 ’ਤੇ ਤਾਇਨਾਤ ਸੜਕ ਸੁਰੱਖਿਆ ਬਲ ਦੀ ਇੱਕ ਟੀਮ ASI ਕੁਲਦੀਪ ਸਿੰਘ, ਕਾਂਸਟੇਬਲ ਵਿਕਾਸ ਅਤੇ ਕਾਂਸਟੇਬਲ ਜਗਤਾਰ ਸਿੰਘ ਮੌਕੇ ’ਤੇ ਪਹੁੰਚ ਗਏ।
ਜਾਣਕਾਰੀ ਅਨੁਸਾਰ ਕਰਨਾਲ ਵਾਸੀ ਭਾਮਾ ਅਰਟਿਗਾ (HR-67-E-8027) ਗੱਡੀ ਚਲਾ ਰਿਹਾ ਸੀ, ਜਿਸ ਦੀ ਇਕ ਹੋਰ ਚਾਰ-ਪਹੀਆ ਵਾਹਨ (PB-07-CJ-1390) ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਗਏ ਅਤੇ ਅਰਟਿਗਾ ਪੁਲ ਤੋਂ ਹੇਠਾਂ ਡਿੱਗ ਗਈ। ਐਮਰਜੈਂਸੀ ਕਰਮਚਾਰੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਬਿਆਸ ਦੇ ਨਜ਼ਦੀਕੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਹਾਦਸੇ ਵਿਚ ਦੋ ਔਰਤਾਂ ਸਮੇਤ ਤਿੰਨ ਯਾਤਰੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਸਾਰੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਐੱਸਐੱਚਓ ਢਿਲਵਾਂ ਇੰਸਪੈਕਟਰ ਦਲਵਿੰਦਰਬੀਰ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਹਾਲਾਂਕਿ ਸਵੇਰੇ-ਸਵੇਰੇ ਤੇਜ਼ ਰਫ਼ਤਾਰ ਅਤੇ ਘੱਟ ਦਿਸਣ ਹੱਦ ਨੂੰ ਹਾਦਸੇ ਦਾ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ ’ਤੇ ਜਾਰੀ ਨਹੀਂ ਕੀਤੀ ਗਈ ਹੈ।