ਇਥੋਂ ਦੇ ਸੀ ਆਈ ਏ ਸਟਾਫ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੀ ਰਾਤ ਝਬਾਲ ਨੇੜਿਓਂ ਪਾਕਿਸਤਾਨ ਤੋਂ ਹੈਰੋਇਨ ਸਣੇ ਹੋਰ ਨਸ਼ੀਲੇ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਦੋ ਜਣਿਆਂ ਨੂੰ 1.33 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ| ਇੰਸਪੈਕਟਰ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਬੀੜ ਬਾਬਾ ਬੁੱਢਾ ਸਾਹਿਬ ਨੇੜੇ ਲਾਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਜਣਿਆਂ ਨੂੰ ਰੋਕ ਕੇ ਤਲਾਸ਼ੀ ਲਈ।
ਇਸ ਦੌਰਾਨ ਮੁਲਜ਼ਮਾਂ ਕੋਲੋਂ 1.33 ਕਿਲੋ ਹੈਰੋਇਨ ਬਰਾਮਦ ਕੀਤੀ ਗਈ| ਮੁਲਜ਼ਮਾਂ ਦੀ ਸ਼ਨਾਖ਼ਤ ਕੁਲਵੰਤ ਸਿੰਘ ਕੰਤੂ ਵਾਸੀ ਡਾਲੇਕੇ ਅਤੇ ਅਨਮੋਲ ਸਿੰਘ ਮੋਹਲਾ ਵਾਸੀ ਸਭਰਾ ਦੇ ਤੌਰ ’ਤੇ ਕੀਤੀ ਗਈ ਹੈ| ਜਾਣਕਾਰੀ ਮੁਤਾਬਕ ਮੁਲਜ਼ਮ ਅਕਸਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾਉਂਦੇ ਆ ਰਹੇ ਸਨ|
ਇਸੇ ਤਰ੍ਹਾਂ ਬੀ ਐੱਸ ਐੱਫ ਤੇ ਖੇਮਕਰਨ ਪੁਲੀਸ ਨੇ ਬੀਤੀ ਸ਼ਾਮ ਸਾਂਝੇ ਅਪਰੇਸ਼ਨ ਦੌਰਾਨ ਵੱਖ-ਵੱਖ ਥਾਵਾਂ ਤੋਂ ਦੋ ਡਰੋਨ ਤੇ 506 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਏ ਐੱਸ ਆਈ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਮਸਤਗੜ੍ਹ ਦੇ ਕਿਸਾਨ ਬੀਰਾ ਸਿੰਘ ਦੇ ਖੇਤਾਂ ਵਿੱਚੋਂ ਡਰੋਨ ਅਤੇ 506 ਗਰਾਮ ਹੈਰੋਇਨ ਬਰਾਮਦ ਕੀਤੀ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ|
ਇਸੇ ਪੁਲੀਸ ਪਾਰਟੀ ਨੇ ਕੇ ਕੇ ਬੈਰੀਅਰ ਦੇ ਰਕਬੇ ਵਿੱਚੋਂ ਕਿਸਾਨ ਦਲੇਰ ਸਿੰਘ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਕੀਤਾ ਹੈ| ਇਸ ਸਬੰਧੀ ਖੇਮਕਰਨ ਪੁਲੀਸ ਨੇ ਏਅਰ ਕਰਾਫਟ ਐਕਟ ਅਧੀਨ ਕੇਸ ਦਰਜ ਕੀਤਾ ਹੈ|

