ਇੱਥੇ ਸ਼ਾਹ ਕਲੋਨੀ ਵਿੱਚ ਲੰਘੀ ਰਾਤ ਹਮਲੇ ’ਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਨੌਜਵਾਨ ਵੀ ਸ਼ਾਮਲ ਹੈ। ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਜਦ ਕਿ ਕਾਰ, ਸਕੂਟਰ ਅਤੇ ਮੋਟਰਸਾਈਕਲ ਦੀ ਵੀ ਭੰਨ-ਤੋੜ ਕੀਤੀ ਗਈ। ਜ਼ਖਮੀਆਂ ਦੇ ਪਰਿਵਾਰਾਂ ਨੇ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।ਸ਼ਾਹ ਕਲੋਨੀ ਦੇ ਵਸਨੀਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਲੰਘੀ ਦੇਰ ਸ਼ਾਮ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਲਗਭਗ 10 ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਦਾ ਹੱਥ ਵੱਢ ਦਿੱਤਾ ਗਿਆ। ਜਦੋਂ ਉਹ ਆਪਣੇ ਭਰਾ ਨੂੰ ਆਪਣੇ ਪਰਿਵਾਰ ਨਾਲ ਬਚਾਉਣ ਗਿਆ ਤਾਂ ਹਮਲਾਵਰਾਂ ਨੇ ਉਸ ਦੀ ਕਾਰ ਦੀ ਭੰਨ-ਤੋੜ ਕੀਤੀ ਅਤੇ ਉਸ ਵਿੱਚੋਂ ਪੈਸੇ ਵੀ ਚੋਰੀ ਕਰ ਲਏ। ਉਸ ਨੇ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 2 ਵਿੱਚ ਹਮਲਾਵਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਪੀੜਤਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।