ਕਾਦੀਆਂ ਚੁੰਗੀ ਸਿਵਲ ਲਾਈਨ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦੋ ਭਰਾ ਜ਼ਖ਼ਮੀ ਹੋ ਗਏ। ਫ਼ਾਰੂਕ ਅਹਿਮਦ ਵਾਸੀ ਨੰਗਲ ਬਾਗ਼ਬਾਨਾਂ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਅਹਸਨ ਫ਼ਰੀਦ (22) ਅਤੇ ਛੋਟਾ ਬੇਟਾ ਫ਼ਰੀਦ ਅਹਿਮਦ ਘਰ ਦਾ ਸਾਮਾਨ ਲੈਣ ਲਈ ਮੋਟਰਸਾਈਕਲ ’ਤੇ ਕਾਦੀਆਂ ਚੁੰਗੀ ਵੱਲ ਜਾ ਰਹੇ ਸੀ। ਇੱਕ ਵਾਹਨ ਚਾਲਕ ਨੇ ਅਚਾਨਕ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਮੋਟਰਸਾਈਕਲ ਚਲਾ ਰਹੇ ਅਹਸਨ ਫ਼ਰੀਦ ਦੇ ਸਿਰ ’ਤੇ ਗੰਭੀਰ ਸੱਟਾਂ ਵੱਜੀਆਂ। ਉਸ ਨੂੰ ਤੁਰੰਤ ਸਥਾਨਕ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਨੌਜਵਾਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਫ਼ਰੀਦ ਅਹਿਮਦ ਮਾਮੂਲੀ ਜ਼ਖ਼ਮੀ ਹੋਇਆ ਹੈ। ਸਥਾਨਕ ਪੁਲੀਸ ਨੂੰ ਇਸ ਮਾਮਲੇ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।