ਜਨਰਲ ਸ਼ੁਬੇਗ ਸਿੰਘ ਦੀ ਵਿਰਾਸਤ ਸੰਭਾਲਣ ਲਈ ਟੱਰਸਟ ਦੀ ਸਥਾਪਨਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੁਲਾਈ
ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਗੁਰੂ ਘਰ ਦੀ ਮਰਿਆਦਾ ਲਈ ਭਾਰਤੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋਏ ਜਨਰਲ ਸ਼ੁਬੇਗ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਉਸਦੇ ਪਰਿਵਾਰ ਵੱਲੋਂ ਅੱਜ ਸ਼ਹੀਦ ਜਨਰਲ ਸ਼ੁਬੇਗ ਸਿੰਘ ਜੀ ਮੈਮੋਰੀਅਲ ਟਰੱਸਟ ਦੀ ਸਥਾਪਨਾ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇਸ ਮੌਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਇਸ ਟਰਸਟ ਦਾ ਰਸਮੀ ਉਦਘਾਟਨ ਕੀਤਾ ਹੈ। ਜੂਨ 1984 ਘੱਲੂਘਾਰੇ ਦੇ ਸ਼ਹੀਦੀ ਵਿੱਚ ਸ਼ਾਮਲ ਜਨਰਲ ਸ਼ੁਬੇਗ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਲਈ ਉਨ੍ਹਾਂ ਦੀ ਯਾਦ ਵਿੱਚ ਸਥਾਪਤ ਕੀਤੇ ਗਏ ਜਨਰਲ ਸ਼ੁਬੇਗ ਸਿੰਘ ਮੈਮੋਰੀਅਤ ਚੈਰੀਟੇਬਲ ਟਰੱਸਟ ਦਾ ਰਸਮੀ ਤੌਰ ਉੱਤੇ ਉਦਘਾਟਨ ਕਰਨ ਮੌਕੇ ਜਥੇਦਾਰ ਗੜਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਸਮੁੱਚੀ ਕੌਮ ਨੂੰ ਸਮਰੱਥਾ ਬਖ਼ਸ਼ਣ ਕਿ ਮਹਾਨ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਸੰਭਾਲੀਏ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ, ਜਨਰਲ ਸ਼ੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ, ਉਨ੍ਹਾਂ ਦਾ ਪਰਿਵਾਰ ਅਤੇ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਵੀ ਹਾਜ਼ਰ ਸਨ। ਬੇਅੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਜਥੇਦਾਰ ਗਿਆਨੀ ਗੜਗੱਜ ਅਤੇ ਜਥੇਦਾਰ ਭਾਈ ਟੇਕ ਸਿੰਘ ਦਾ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਗੁਰੂ ਸਾਹਿਬ ਦੇ ਸਿਧਾਂਤ ਉੱਤੇ ਚੱਲਦਿਆਂ ਸਿੱਖ ਕੌਮ ਦੀ ਅਣਖ ਤੇ ਗੈਰਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਸਤੇ ਜੋ 1984 ਵਿੱਚ ਸਿੱਖ ਜੁਝਾਰੂਆਂ ਨੇ ਜੋ ਦ੍ਰਿੜ੍ਹਤਾ ਦੇ ਨਾਲ ਉਸ ਸਮੇਂ ਦੀ ਹਕੂਮਤ ਅਤੇ ਫ਼ੌਜ ਦੇ ਨਾਲ ਜੰਗ ਲੜੀ, ਉਸ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਅਨੇਕਾਂ ਹੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਜਨਰਲ ਸ਼ੁਬੇਗ ਸਿੰਘ ਉਹ ਮਹਾਨ ਯੋਧੇ ਹਨ, ਜੋ ਜਦੋਂ ਦੇਸ਼ ਦੇ ਲਈ ਲੜਣ ਦੀ ਲੋੜ ਪਈ ਤਾਂ ਉਹ ਨਿਧੜਕ ਹੋ ਕੇ ਲੜੇ ਤੇ ਵੱਡੇ ਯੋਗਦਾਨ ਪਾਏ ਅਤੇ ਜਦੋਂ ਸਿੱਖ ਕੌਮ ਦੇ ਹੱਕਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ ਮਰਯਾਦਾ ਦੀ ਗੱਲ ਆਈ ਤਾਂ ਵੀ ਬਹੁਤ ਬਹਾਦਰੀ ਨਾਲ ਲੜੇ। ਉਨ੍ਹਾਂ ਕਿਹਾ ਕਿ ਇਸ ਯੋਧੇ ਦੀ ਵਿਰਾਸਤ ਬਹੁਤ ਵੱਡੀ ਹੈ ਜਿਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਜਥੇਦਾਰ ਨੇ ਜਨਰਲ ਸ਼ੁਬੇਗ ਸਿੰਘ ਦੇ ਨਾਮ ਉੱਤੇ ਉਨ੍ਹਾਂ ਦੇ ਪਿੰਡ ਖਿਆਲਾ ਕਲਾਂ ਵਿਖੇ ਉਨ੍ਹਾਂ ਦੇ ਨਿਜੀ ਘਰ ਨੂੰ ਜਨਰਲ ਸ਼ੁਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਵਜੋਂ ਸਥਾਪਤ ਕਰਨ ਦੇ ਉਪਰਾਲੇ ਲਈ ਉਨ੍ਹਾਂ ਦੇ ਭਰਾ ਬੇਅੰਤ ਸਿੰਘ, ਸਮੁੱਚੇ ਪਰਿਵਾਰ ਅਤੇ ਹੋਰ ਸਾਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੌਮ ਦੇ ਸ਼ਹੀਦਾ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਤਾਂ ਜੋ ਭਵਿੱਖ ਵਿੱਚ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲ ਸਕੇ।