ਕੈਪਟਨ ਅਜੈ ਰਾਣਾ ਨੂੰ ਸ਼ਰਧਾਂਜਲੀਆਂ
ਜੰਮੂ-ਕਸ਼ਮੀਰ ਦੇ ਬਟਾਲਿਕ ਸੈਕਟਰ ਵਿੱਚ ਪਾਕਿਸਤਾਨੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋਏ ਫੌਜ ਦੇ 60 ਮੀਡੀਅਮ ਰੈਜੀਮੈਂਟ ਦੇ ਸੈਨਾ ਮੈਡਲ ਵਿਜੇਤਾ ਕੈਪਟਨ ਅਜੈ ਰਾਣਾ ਦਾ 22ਵਾਂ ਸ਼ਹੀਦੀ ਸਮਾਗਮ ਸ਼ਹੀਦ ਦੇ ਨਾਮ ’ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਮੂਨ ਵਿੱਚ ਪ੍ਰਿੰਸੀਪਲ ਅਜੇ ਗੁਪਤਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ’ਚ ਸ਼ਹੀਦ ਦੀ ਮਾਤਾ ਸ਼ਮਾ ਰਾਣਾ, ਪਿਤਾ ਸੂਬੇਦਾਰ ਮੇਜਰ ਕੇਸੀ ਰਾਣਾ, ਪਰਿਵਾਰਕ ਮੈਂਬਰ ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਮੁੱਖ ਰੂਪ ਵਿੱਚ ਸ਼ਾਮਲ ਹੋਏ।
ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਦੇਸ਼, ਕੈਪਟਨ ਅਜੈ ਰਾਣਾ ਵਰਗੇ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਲੰਬੇ ਸਮੇਂ ਤੱਕ ਯਾਦ ਰੱਖੇਗਾ। ਸ਼ਮਾ ਰਾਣਾ ਨੇ ਨਮ ਅੱਖਾਂ ਨਾਲ ਕਿਹਾ ਕਿ ਅਜੈ ਉਸ ਦਾ ਇਕਲੌਤਾ ਪੁੱਤਰ ਸੀ, ਉਸ ਨੂੰ ਗੁਆਉਣ ਦਾ ਬਹੁਤ ਦੁੱਖ ਹੈ ਪਰ ਉਸ ਦੀ ਕੁਰਬਾਨੀ ’ਤੇ ਵੀ ਮਾਣ ਹੈ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ਸ਼ਹੀਦ ਕੈਪਟਨ ਅਜੇ ਰਾਣਾ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।