ਸ਼ਹੀਦ ਕੁਲਬੀਰ ਸਿੰਘ ਰਾਣਾ ਨੂੰ ਸ਼ਰਧਾਂਜਲੀਆਂ ਭੇਟ
ਭਾਰਤ-ਪਾਕਿ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਮੇਜਰ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ
1971 ਦੀ ਭਾਰਤ-ਪਾਕਿ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਮੇਜਰ ਕੁਲਬੀਰ ਸਿੰਘ ਰਾਣਾ ਦਾ 54ਵਾਂ ਸ਼ਹੀਦੀ ਦਿਵਸ ਸਮਾਗਮ, ਪਿੰਡ ਤੰਗੋਸ਼ਾਹ ਦੇ ਸ਼ਹੀਦ ਦੇ ਨਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਸ਼ਹੀਦ ਦੀ ਪਤਨੀ ਸੰਤੋਸ਼ ਰਾਣਾ, ਬੀਐਸਐਫ ਦੀ 109 ਬਟਾਲੀਅਨ ਦੇ ਕਮਾਂਡੈਂਟ ਸੁਰੇਸ਼ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਤੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਡੀ ਈ ਓ ਕਮਲਦੀਪ ਕੌਰ, ਦੀਨਾਨਗਰ ਦੀ ਪ੍ਰਿੰਸੀਪਲ, ਡਾ. ਜੋਤੀ ਠਾਕੁਰ, ਡਾ. ਰਾਜਿੰਦਰ ਸ਼ਰਮਾ ਆਦਿ ਸ਼ਾਮਲ ਹੋਏ ਅਤੇ ਇਨ੍ਹਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ, ਜਦ ਕਿ 109ਵੀਂ ਬੀ ਐੱਸ ਐੱਫ ਬਟਾਲੀਅਨ ਦੇ ਜਵਾਨਾਂ ਨੇ ਬਿਗਲ ਦੀ ਧੁਨ ’ਤੇ ਆਪਣੇ ਹਥਿਆਰ ਉਲਟਾ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ।
ਸਮੂਹ ਬੁਲਾਰਿਆਂ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਬਹਾਦਰ ਸੈਨਿਕ ਦੀ ਪਤਨੀ ਸੰਤੋਸ਼ ਰਾਣਾ ਨੂੰ ਦਿਲੋਂ ਸਲਾਮ ਕਰਦੇ ਹਨ, ਜੋ ਪਿਛਲੇ 54 ਸਾਲਾਂ ਤੋਂ ਮੇਜਰ ਰਾਣਾ ਦੁਆਰਾ ਕੀਤੀ ਗਈ ਕੁਰਬਾਨੀ ਦੀ ਲਾਟ ਨੂੰ ਜਗਾ ਕੇ ਰੱਖ ਰਹੀ ਹੈ।
ਕਮਾਂਡੈਂਟ ਸੁਰੇਸ਼ ਸਿੰਘ ਨੇ ਕਿਹਾ ਕਿ ਮੇਜਰ ਕੁਲਬੀਰ ਸਿੰਘ ਰਾਣਾ ਵਰਗੇ ਬਹਾਦਰ ਸੈਨਿਕਾਂ ਦੀ ਕੁਰਬਾਨੀ ਨੂੰ ਦੇਸ਼ ਲੰਬੇ ਸਮੇਂ ਤੱਕ ਯਾਦ ਰੱਖੇਗਾ, ਅਤੇ ਭਾਰਤੀ ਫੌਜ ਤੇ ਨੌਜਵਾਨ ਪੀੜ੍ਹੀ ਹਮੇਸ਼ਾ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਇਸ ਪਿੰਡ ਦੇ ਲੋਕਾਂ ਦੀ ਭਾਵਨਾ ਨੂੰ ਵੀ ਸਲਾਮ
ਕਰਦੇ ਹਨ, ਜੋ ਇਸ ਬਹਾਦਰ ਫੌਜੀ ਅਧਿਕਾਰੀ ਨੂੰ ਪੂਰੀ ਸ਼ਰਧਾ ਨਾਲ ਯਾਦ ਕਰਦੇ ਹਨ। ਇਸ ਸਮੇਂ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਸ਼ਾਨਦਾਰ ਪ੍ਰੋਗਰਾਮ ਵੀ ਪੇਸ਼ ਕੀਤਾ।

