ਰਾਮਪੁਰ ਲਲੀਆਂ ਦੀ ਸਿੱਖਿਆ ਸੰਸਥਾ ’ਚ ਦਰੱਖਤਾਂ ਨੂੰ ਅੱਗ ਲੱਗੀ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 22 ਜੂਨ
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਰਾਮਪੁਰ ਲਲੀਆਂ ਵਿੱਚ ਭੇਤਭਰੀ ਹਾਲਤ ਵਿੱਚ ਦਰੱਖਤਾਂ ਨੂੰ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਨੇ ਮੌਕੇ ’ਤੇ ਆ ਕੇ ਕਾਬੂ ਪਾਇਆ। ਪਿੰਡ ਰਾਮਪੁਰ ਦੇ ਸਰਪੰਚ ਪ੍ਰਭ ਦਿਆਲ ਰਾਮਪੁਰ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਸਬੰਧੀ ਕਾਲਜ ਦੇ ਚੌਕੀਦਾਰ ਨੇ ਦੱਸਿਆ ਅਤੇ ਉਹ ਪਿੰਡ ਦੇ ਨੌਜਵਾਨਾਂ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬਾਲਟੀਆਂ ਨਾਲ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਹਵਾ ਚੱਲਣ ਕਾਰਨ ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਸੀ ਅਤੇ ਉਨ੍ਹਾਂ ਤੁਰੰਤ ਥਾਣਾ ਲਾਂਬੜਾ ਦੇ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਊ ਦਸਤੇ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਅੱਗ ’ਤੇ ਕਾਬੂ ਪਾਇਆ।
ਸਰਪੰਚ ਪ੍ਰਭ ਦਿਆਲ ਰਾਮਪੁਰ ਨੇ ਦੱਸਿਆ ਕਿ ਸਿਖਲਾਈ ਸੰਸਥਾ ਦਸ ਏਕੜ ਵਿੱਚ ਬਣੀ ਹੋਈ ਹੈ ਇਸ ਵਿੱਚੋਂ ਡੇਢ ਏਕੜ ਵਿੱਚ ਇਮਾਰਤ ਬਾਕੀ ਵਿੱਚ ਕੀਮਤੀ ਦਰੱਖਤ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਲੱਗੇ ਸੰਘਣੇ ਦਰੱਖਤਾਂ ਵਿੱਚੋਂ ਮੋਰਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਅਤੇ ਇੱਥੇ ਬਹੁਤ ਸਾਰੇ ਪੰਛੀਆਂ ਨੇ ਆਪਣਾ ਰੈਣ ਬਸੇਰਾ ਬਣਾਇਆ ਹੋਇਆ ਸੀ।
ਕਾਲਜ ਦੇ ਪ੍ਰਿੰਸੀਪਲ ਨਿਸ਼ਾ ਅਮਰ ਨੇ ਦੱਸਿਆ ਕਿ ਅੱਗ ਲੱਗਣ ਸਬੰਧੀ ਉਨ੍ਹਾਂ ਨੂੰ ਚੌਕੀਦਾਰ ਨੇ ਦੱਸਿਆ ਅਤੇ ਉਨ੍ਹਾਂ ਆਪਣੇ ਸਟਾਫ ਮੈਂਬਰ ਅਮਰਜੀਤ ਨੂੰ ਮੌਕੇ ’ਤੇ ਪਹੁੰਚਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਅੱਗ ਲਾਗਲੇ ਖੇਤਾਂ ਵਿੱਚ ਮੱਕੀ ਦੀ ਕਟਾਈ ਉਪਰੰਤ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ ਲੱਗੀ ਹੈ। ਇਸ ਸਬੰਧੀ ਉਹ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਬੁਲਾ ਕੇ ਇਸ ਸਬੰਧੀ ਪੁੱਛਿਆ ਜਾਵੇਗਾ।
ਇਸ ਸਬੰਧੀ ਥਾਣਾ ਲਾਂਬੜਾ ਦੇ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਉਹ ਫੋਰਸ ਲੈ ਕੇ ਮੌਕੇ ’ਤੇ ਪਹੁੰਚੇ ਸਨ। ਉਹਨਾਂ ਦੱਸਿਆ ਕਿ ਇਸ ਸਬੰਧੀ ਕਾਲਜ ਵੱਲੋਂ ਪੁਲੀਸ ਨੂੰ ਕੋਈ ਵੀ ਦਰਖਾਸਤ ਨਹੀਂ ਦਿੱਤੀ ਗਈ।