ਭੰਡਾਰੀ ਪੁਲ ’ਤੇ ਧਰਨੇ ਕਾਰਨ ਆਵਾਜਾਈ ਠੱਪ
ਵਾਲਮੀਕ ਭਾਈਚਾਰੇ ਨੇ ਲਾਇਆ ਧਰਨਾ; ਰਾਹਗੀਰ ਪ੍ਰੇਸ਼ਾਨ; ਡੀ ਸੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਵਾਲਮੀਕ ਤੀਰਥ ਕੰਪਲੈਕਸ (ਇਤਿਹਾਸਿਕ ਰਾਮ ਤੀਰਥ ਮੰਦਰ) ਵਿੱਚ ਇੱਕ ਵਿਸ਼ੇਸ਼ ਰੰਗ ਦਾ ਝੰਡਾ ਲਗਾਉਣ ਅਤੇ ਲਹਿਰਾਉਣ ਦੇ ਰੋਸ ਵਜੋਂ ਅੱਜ ਵਾਲਮੀਕ ਭਾਈਚਾਰੇ ਦੇ ਕਈ ਗੁੱਟਾਂ ਵੱਲੋਂ ਇਥੇ ਭੰਡਾਰੀ ਪੁਲ ’ਤੇ ਰੋਸ ਵਿਖਾਵਾ ਕੀਤਾ ਗਿਆ ਹੈ ਅਤੇ ਆਵਾਜਾਈ ਬੰਦ ਕੀਤੀ ਗਈ। ਧਰਨੇ ਕਾਰਨ ਸ਼ਹਿਰ ਵਿੱਚ ਲਗਭਗ ਸਾਰਾ ਦਿਨ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ ਹੈ। ਇਹ ਰੋਸ ਧਰਨਾ ਸ਼ਾਮ 5 ਵਜੇ ਤੱਕ ਜਾਰੀ ਰਿਹਾ।
ਇਸ ਦੌਰਾਨ ਸਾਰਾ ਦਿਨ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਨੂੰ ਰੱਜ ਕੇ ਕੋਸਿਆ। ਅੱਜ ਸਵੇਰੇ ਵਾਲਮੀਕ ਭਾਈਚਾਰੇ ਦੇ ਕਾਰਕੁਨਾਂ ਨੇ ਇੱਥੇ ਭੰਡਾਰੀ ਪੁਲ ’ਤੇ ਧਰਨਾ ਦਿੱਤਾ ਅਤੇ ਆਵਾਜਾਈ ਰੋਕ ਦਿੱਤੀ। ਭੰਡਾਰੀ ਪੁਲ ਦੋ ਹਿੱਸਿਆਂ ਵਿੱਚ ਵੰਡੇ ਹੋਏ ਸ਼ਹਿਰ ਨੂੰ ਜੋੜਨ ਵਾਲਾ ਪੁਲ ਹੈ ਅਤੇ ਬਾਹਰੋਂ ਆ ਰਹੀ ਐਲੀਵੇਟਿਡ ਰੋਡ ਨੂੰ ਵੀ ਸ਼ਹਿਰ ਨਾਲ ਜੋੜਦਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਪੁਲ ’ਤੇ ਆਵਾਜਾਈ ਰੋਕਣ ਕਾਰਨ ਸਮੁੱਚੇ ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ ਸ਼ਹਿਰ ਵਿੱਚ ਹਰ ਪਾਸੇ ਭੀੜ ਵਧ ਗਈ ਅਤੇ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ। ਖਾਸ ਕਰਕੇ ਦੁਪਹਿਰ ਵੇਲੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦੇ ਵੇਲੇ ਵਿਦਿਆਰਥੀਆਂ ਨੂੰ ਘਰਾਂ ਪਰਤਣ ਸਮੇਂ ਵੱਡੀ ਮੁਸ਼ਕਲ ਹੋਈ। ਇਸੇ ਤਰ੍ਹਾਂ ਐਂਬੂਲੈਂਸ ਅਤੇ ਹਸਪਤਾਲਾਂ ਵਿੱਚ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਪ੍ਰਾਪਤ ਜਾਣਕਾਰੀ ਮੁਤਾਬਕ ਵਾਲਮੀਕ ਭਾਈਚਾਰੇ ਦੇ ਕੁਝ ਵਰਗ ਵਾਲਮਿਕ ਤੀਰਥ ਕੰਪਲੈਕਸ ਵਿੱਚ ਇੱਕ ਵਿਸ਼ੇਸ਼ ਰੰਗ ਦਾ ਝੰਡਾ ਲਗਾਉਣ ਵਾਸਤੇ ਸੰਘਰਸ਼ ਕਰ ਰਹੇ ਸਨ, ਜਦੋਂ ਕਿ ਦੂਜਾ ਗਰੁੱਪ ਇਸ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ 27 ਅਕਤੂਬਰ ਨੂੰ ਕੁਝ ਗਰੁੱਪਾਂ ਦੇ ਪ੍ਰਤੀਨਿਧਾਂ ਵੱਲੋਂ ਮੰਦਰ ਕੰਪਲੈਕਸ ਵਿੱਚ ਲਾਲ ਰੰਗ ਦਾ ਝੰਡਾ ਲਗਾਇਆ ਗਿਆ। ਜਿਸ ਦਾ ਦੂਜੇ ਗਰੁੱਪਾਂ ਨੇ ਵਿਰੋਧ ਕੀਤਾ। ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਸੀ ਅਤੇ ਦੋ ਦਿਨ ਭੰਡਾਰੀ ਪੁਲ ’ਤੇ ਆਵਾਜਾਈ ਰੋਕਣ ਦਾ ਵੀ ਐਲਾਨ ਕੀਤਾ ਸੀ। ਇਸੇ ਤਹਿਤ ਵਾਲਮੀਕ ਭਾਈਚਾਰੇ ਨੇ ਅੱਜ ਭੰਡਾਰੀ ਪੁਲ ’ਤੇ ਧਰਨਾ ਦਿੱਤਾ ਸੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਭੰਡਾਰੀ ਪੁਲ ’ਤੇ ਪੁੱਜੇ ਸਨ, ਜਿੱਥੇ ਡਿਪਟੀ ਕਮਿਸ਼ਨਰ ਵੱਲੋਂ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਸ਼ਾਮ ਨੂੰ ਇਹ ਧਰਨਾ ਖਤਮ ਕੀਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਮੰਦਰ ਕੰਪਲੈਕਸ ਵਿੱਚ ਝੰਡਾ ਲਗਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਅਤੇ ਮੰਦਰ ਕੰਪਲੈਕਸ ਤੋਂ ਝੰਡਾ ਹਟਾਉਣ ਦੀ ਮੰਗ ਕੀਤੀ ਗਈ ਹੈ।

